
ਕੁੜੀਆਂ ਮਿਸ਼ਰੀ ਦੀਆਂ ਪੁੜੀਆਂ, ਰਾਹ ਅੱਕਾਂ ਤੋਂ ਕੌੜੇ
ਯੁੱਗਾਂ ਯੁੱਗਾਂ ਤੋਂ ਤੁਰੀਆਂ , ਚੁੱਕ ਦੁੱਖਾਂ ਦੇ ਤੌੜੇ
ਹਾਂ..ਇਹ ਸੱਚ ਹੈ ਕਿ ਔਰਤ ਦੀ ਮਿੱਟੀ ਮੁਹੱਬਤ ਦੇ ਸ਼ਹਿਦ ਵਿੱਚ ਗੁੰਨ੍ਹੀ ਹੋਈ ਹੈ।ਉਹ ਅੰਮੀ-ਬਾਬਲ, ਭੈਣ-ਭਰਾਵਾਂ, ਪਤੀ-ਬੱਚਿਆਂ ਨੂੰ ਅੰਤਾਂ ਦਾ ਪਿਆਰ ਕਰਦੀ ਹੈ ਤੇ ਉਹਨਾਂ ਲਈ ਜਾਨ ਵਾਰਨ ਤੱਕ ਤਿਆਰ ਰਹਿੰਦੀ ਹੈ....ਤੇ ਇਹ ਵੀ ਸੱਚ ਹੈ ਕਿ ਉਹ ਯੁੱਗਾਂ ਯੁੱਗਾਂ ਤੋਂ ਛਾਲਿਆਂ-ਅੱਟੇ ਪੈਰਾਂ ਨਾਲ ਸਫਰ ਕਰ ਰਹੀ ਹੈ, ਆਪਣੀ ਹੋਂਦ ਲਈ, ਆਪਣੇ ਹੱਕ ਲਈ,
ਆਪਣੇ ਮਾਣ-ਸਨਮਾਨ ਲਈ ।ਕਦੀ ਉਹਦੇ ਰਾਹ ਵਿਚ ਕਿਰਚਾਂ ਵਿਛੀਆਂ ਹੁੰਦੀਆਂ ਨੇ, ਕਿਤੇ ਭੱਖੜੇ ਬੀਜੇ ਹੁੰਦੇ ਨੇ, ਤੇ ਕਿਤੇ ਅੱਗ ਦੇ ਭਾਂਬੜ ਉਹਦਾ ਰਸਤਾ ਮੱਲੀ ਖੜ੍ਹੇ ਹੁੰਦੇ ਨੇ। ਉਹ ਸੀਤਾ ਬਣੀ ਤਾਂ ਅਗਨੀ-ਪ੍ਰੀਖਿਆ ਦੇਣੀ ਪਈ ,ਦ੍ਰੋਪਦੀ ਬਣੀ ਤਾਂ ਕਾਮ-ਲਿੱਬੜੀਆਂ ਅੱਖਾਂ ਦੀ ਸਭਾ ਵਿੱਚ ਉਹਦਾ ਕੱਜਣ ਪਾੜਿਆ ਗਿਆ,ਮੀਰਾ ਹੋਈ ਤਾਂ ਜ਼ਹਿਰ ਦਾ ਪਿਆਲਾ ਦਿੱਤਾ ਗਿਆ, ਅਹੱਲਿਆ ਬਣੀ ਤਾਂ ਪੱਥਰ ਹੋਣ ਦਾ ਸਰਾਪ ਮਿਲਿਆ.....ਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਕਿਸੇ ਨਾ ਕਿਸੇ ਬਹਾਨੇ, ਕਿਸੇ ਨਾ ਕਿਸੇ ਹਥਿਆਰ ਨਾਲ ਮਾਰ-ਮੁਕਾ ਦਿੱਤੀਆਂ ਗਈਆਂ।ਪਰ ਉਹ ਮਰੀਆਂ ਕਿੱਥੇ ? ........ਅਜੇ ਵੀ ਹਨ. .ਉਹੀ ਹੋਣੀ ਭੁਗਤਦੀਆਂ.....ਕਦੀ ਅਣਖ ਲਈ ਵੱਢੀਆਂ ਜਾਂਦੀਐਂ, ਕਦੀ ਦਾਜ ਲਈ ਲਈ ਸਾੜੀਆਂ ਜਾਂਦੀਐਂ, ਕਦੀ ਕੁੱਖਾਂ ਵਿੱਚ ਮਾਰੀਆਂ ਜਾਂਦੀਐਂ। ਫਰਕ ਤਾਂ ਪਿਆ ਹੈ, ਬੱਸ ਐਨਾ ਕੁ ਕਿ ਉਹ ਜਾਗ ਗਈਆਂ ਨੇ, ਜੱਥੇ-ਬੰਦ ਹੋ ਰਹੀਆਂ ਨੇ, ਆਪਣੀਆਂ ਚੁੰਨੀਆਂ ਨੂੰ ਝੰਡਾ ਬਣਾ ਲਿਆ ਹੈ, ਕਦੀ ਅਰੁੰਧਤੀ ਰਾਇ ਬਣਕੇ, ਕਿਤੇ ਮੇਘਾ ਪਾਟੇਕਰ ਬਣਕੇ, ਤੇ ਕਿਧਰੇ ਕੋਈ ਹੋਰ , ਉਂਜ ਉਹਨਾਂ ਨੂੰ ਵੀ ਕਿਹੋ ਜਿਹੀਆਂ ਤੇਜ਼ਾਬੀ-ਘੁੱਟਾਂ ਪੀਣੀਆਂ ਪੈ ਰਹੀਆਂ ਨੇ,ਸਾਰੇ ਜਾਣਦੇ ਨੇ।ਪਰ ਇਹ ਔਰਤ ਦਾ ਸਬਰ ਤੇ ਸਿਰੜ ਹੈ ਕਿ ਉਹ ਹਾਰੀ ਨਹੀਂ ਹੈ। ਗਿਆਨ-ਵਿਗਿਆਨ ਦੀਆਂ ਪੌੜੀਆਂ ਚੜ੍ਹ ਕੇ ਉਹਨੇ ਹਰ ਚੁਬਾਰੇ ਉੱਤੇ ਚਰਖਾ ਡਾਹ ਲਿਆ ਹੈ.....ਕੀ ਸਾਹਿਤ .. ਕੀ ਸਿਹਤ ..ਕੀ ਪ੍ਰਸ਼ਾਸ਼ਨ..ਕੀ ਰਾਜਨੀਤੀ ..ਕੀ ਲਲਿਤ ਕਲਾ..ਕੀ ਫੌਜ..ਕੀ ਪੁਲੀਸ.. ਕੀ ਖੇਡਾਂ..ਕੋਈ ਵੀ ਖੇਤਰ ਨਹੀਂ ਜਿੱਥੇ ਔਰਤ ਗੱਜ-ਵੱਜ ਕੇ ਨਹੀਂ ਵਿੱਚਰ ਰਹੀ, ਇਨਸਾਫ ਦੀ ਤੱਕੜੀ ਫੜ ਲਈ ਹੈ ਉਹਨੇ, ਅਫਸਰਸ਼ਾਹੀ ਦੀ ਕਲਮ ਆ ਗਈ ਹੈ ਉਹਦੇ ਹੱਥ ਵਿੱਚ, ਫੈਸਲੇ ਕਰਦੀ, ਫੈਸਲੇ ਲਿਖਦੀ, ਫੈਸਲੇ ਲਾਗੂ ਕਰਵਾਉਂਦੀ ਹੈ ਉਹ। ਉਂਜ ਉਹ ਪਹਿਲਾਂ ਵੀ ਇਹੋ ਜਿਹੇ ਕਿੰਨੇ ਮੁਕਾਮ ਹਾਸਿਲ ਕਰ ਚੁੱਕੀ ਹੈ.. ਚਾਂਦ ਬੀਬੀ, ਰਜ਼ੀਆ ਸੁਲਤਾਨ ,ਝਾਂਸੀ ਦੀ ਰਾਣੀ,ਮਾਈ ਭਾਗੋ ਤੇ ਹੋਰ ਬਹੁਤ ਸਾਰੇ ਮਾਣ-ਮੱਤੇ ਨਾਮ ਜਿਹੜੇ ਇਤਿਹਾਸ ਦੇ ਪੰਨਿਆਂ ਵਿੱਚ ਸੋਨੇ ਨਾਲ ਮੜ੍ਹੇ ਹੋਏ ਨੇ । ਅਜੋਕੇ ਸਮੇਂ ਵਿੱਚ ਵੀ ਉਹਨੇ ਬਹੁਤ ਮੱਲਾਂ ਮਾਰੀਆਂ ਨੇ, ਕਿਰਨ ਬੇਦੀ ਨੇ ਪੁਲੀਸ ਅਫਸਰ ਹੋ ਕੇ ਆਪਣੀ ਦਬੰਗਤਾ ਨਾਲ ਅਨੇਕਾਂ ਸੁਧਾਰ ਕੀਤੇ ਅਤੇ ਹੁਣ ਅੰਨਾਹਜ਼ਾਰੇ ਅੰਦੋਲਨ ਰਾਹੀਂ ਦੇਸ਼ ਦੀ ਤਕਦੀਰ ਬਦਲਣ ਲਈ ਯਤਨਸ਼ੀਲ ਹੈ......ਕਵਿਤਾ ਰਹਿਲੋਤ ਨੇ ਥਲ ਸੈਨਾ ਵਿੱਚ ਆਪਣੀ ਬੀਰਤਾ ਦੇ ਝੰਡੇ ਗੱਡੇ ਨੇ , ....ਪ੍ਰਿਯੰਕਾ ਮਿਸ਼ਰਾ ਪੁਲਸ ਦੀ ਅਜੇਹੀ ਨਿਰਭੈ ਅਫਸਰ ਹੈ, ਜਿਸਨੇ ਜਾਨ ਦੀਆਂ ਧਮਕੀਆਂ ਦੀ ਪਰਵਾਹ ਨਾ ਕਰਦੇ ਹੋਏ ਚੰਬਲ ਦੇ ਡਾਕੂਆਂ ਨਾਲ ਲੋਹਾ ਲਿਐ। ਬਰਖਾ ਦੱਤ ਵਰ੍ਹਦੀਆਂ ਗੋਲੀਆਂ ਵਿੱਚ ਖੜੋ ਕੇ ਅੱਖੀਂ ਡਿੱਠਾ ਹਾਲ ਸੁਣਾਉਣ ਵਾਲੀ ਨਿਧੜਕ ਟੀ ਵੀ ਰਿਪੋਰਟਰ ਹੈ...... ਬਿਛੇਂਦਰੀ ਪਾਲ ਹਿਮਾਲੀਆ ਪਰਬਤ ਦੀ ਚੋਟੀ ਸਰ ਕਰਨ ਵਾਲੀ ਪਹਿਲੀ ਮਹਿਲਾ ਹੈ । ਸਭ ਤੋਂ ਵੱਡੀਆਂ ਰਾਜਨੀਤਕ ਪਾਰਟੀਆਂ ਦੀਆਂ ਮੁਖੀ ਔਰਤਾਂ ਹਨ । ਸੋਨੀਆ ਗਾਂਧੀ, ਮਮਤਾ ਬੈਨਰਜੀ, ਜੈਲਲਿਤਾ, ਲੋਕਸਭਾ ਦੀ ਸਪੀਕਰ ਮੀਰਾ ਕੁਮਾਰ, ਗਿਰਜਾ ਵਿਆਸ ਤੇ ਹੋਰ ਕਿੰਨੀਆਂ ਨੇ ਜਿਹਨਾਂ ਨੇ ਆਪਣੇ ਹੱਥਾਂ ਵਿੱਚ ਅਧਿਕਾਰ ਲਏ ਹੋਏ ਨੇ।ਕਿੰਨੇ ਹੀ ਮਹੱਤਵ-ਪੂਰਨ ਕਮਿਸ਼ਨਾਂ ਦੀਆਂ ਮੁਖੀ ਔਰਤਾਂ ਨੇ।
ਭਾਰਤ ਵਿੱਚ ਹੀ ਨਹੀਂ,ਸਾਰੀ ਦੁਨੀਆਂ ਵਿੱਚ ਹੀ ਔਰਤਾਂ ਨੇ ਆਪਣੇ ਆਪ ਨੂੰ ਸਾਬਿਤ ਕੀਤਾ ਹੈ ਅਤੇ ਉੱਚੇ ਉੱਚੇ ਤਖਤ ਸੰਭਾਲੇ ਹੋਏ ਨੇ ।
ਪਰ ਇਹ ਪ੍ਰਾਪਤੀਆਂ ਤਪਸ਼ ਨਾਲ ਸਿੱਕਰੇ ਹੋਂਠਾਂ ਲਈ ਸ਼ਰਬਤ ਦੀਆਂ ਬੂੰਦਾਂ ਤਾਂ ਹੋ ਸਕਦੀਆਂ ਨੇ, ਸਰਸ਼ਾਰੀ ਦੀ ਮੰਜ਼ਿਲ ਨਹੀਂ ਹੋ ਸਕਦੀਆਂ। ਇਹ ਗਿਣਤੀ ਬਹੁਤ ਬਹੁਤ ਥੋੜ੍ਹੀ ਹੈ ?
ਇੰਟਰਨੈਟ ਵੈਬਸਾਈਟ ਵਿਮੈਨ ਵਰਲਡਵਾਈਡwww.comminit.com ਦੀ ਰਿਪੋਰਟ ਹੈ:
-ਸੰਸਾਰ ਦੇ ਰਾਜੁਖੀਆਂ ਵਿਚ ਨਾਰੀਆਂ 5% ਤੋਂ ਵੀ ਘੱਟ ਹਨ
-ਸੰਸਾਰ ਦੇ ਪ੍ਰਬੰਧਕੀ ਰੁਤਬਿਆਂ ਵਿਚੋਂ ਸਿਰਫ 10- 20% ਰੁਤਬੇ ਨਾਰੀਆਂ ਕੋਲ ਹਨ
-ਸੰਸਾਰ ਵਿੱਚ ਜਿੰਨੇ ਘੰਟੇ ਕੰਮ ਹੁੰਦਾ ਹੈ, ਉਸਦਾ 67% ਨਾਰੀਆਂ ਕਰਦੀਆਂ ਹਨ ਅਤੇ ਉਹਨਾਂ ਦੀ ਕਮਾਈ ਦੁਨੀਆਂ ਦੀ ਕੁੱਲ ਕਮਾਈ ਦਾ 10% ਹੈ,ਅਤੇ ਉਹ ਸਿਰਫ ਦੁਨੀਆਂ ਦੀ 1% ਜਾਇਦਾਦ ਦੀਆਂ ਮਾਲਿਕ ਹਨ।
-ਨਾਰੀਆਂ ਨੂੰ ਮਰਦਾਂ ਦੇ ਮੁਕਾਬਲੇ 30-40% ਘੱਟ ਮਿਹਨਤਾਨਾ ਦਿੱਤਾ ਜਾਂਦਾ ਹੈ,
-ਦੁਨੀਆਂ ਦੇ 1.2 ਬਿਲੀਅਨ ਗਰੀਬ ਲੋਕਾਂ ਵਿਚੋਂ 70% ਨਾਰੀਆਂ ਹਨ।
ਇਹ ਸਾਰੇ ਸੰਸਾਰ ਦੀ ਮੂੰਹੋਂ ਬੋਲਦੀ ਤਸਵੀਰ ਹੈ,ਭਾਰਤ ਦੀ ਔਰਤ ਕਿੱਥੇ ਕੁ ਖੜ੍ਹੀ ਹੋਏਗੀ,ਸੌਖਿਆਂ ਹੀ ਕਿਆਸ ਕੀਤਾ ਜਾ ਸਕਦਾ ਹੈ।ਏਥੇ, ਜਿੱਥੇ ਉਹਨੂੰ ਅਜੇ ਵੀ ਪੈਰ ਦੀ ਜੁੱਤੀ ਸਮਝਿਆ ਜਾਂਦੈਏਥੇ,ਜਿੱਥੇ ਅਜੇ ਵੀ ਉਹਦੀ ਮੱਤ ਗੁੱਤ ਪਿੱਛੇ ਦੱਸੀ ਜਾਂਦੀ ਹੈ।
ਕਿੱਥੇ ਬਦਲੀ ਹੈ ਸਮੁੱਚੇ ਤੌਰ ਉੱਤੇ ਔਰਤ ਦੀ ਸਥਿਤੀ ? ਬੱਸ ਏਨਾ ਕਿ ਕਿਤੇ ਕਿਤੇ ਉਹਨੇ ਝਾਂਜਰਾਂ ਨੂੰ ਬੇੜੀਆਂ ਮੰਨਣੋਂ ਇਨਕਾਰ ਕਰ ਦਿੱਤੈ, ਕੁਝ ਪੱਬ ਪੁੱਟ ਲਏ ਨੇ, ਕੁਝ ਬੁਲੰਦੀਆਂ ਉੱਤੇ ਸੁਫਨੇ ਬੀਜ ਲਏ ਨੇ।ਜਿਹਨਾਂ ਮਰਦਾ ਨੂੰ ਇਹ ਵੀ ਮਾਫਿਕ ਨਹੀਂ,ਉਹ ਉਸਨੂੰ ਨੀਚੀ ਦਿਖਾਉਣ ਲਈ ਪੂਰੀ ਵਾਹ ਲਾ ਰਹੇ ਨੇ , ਪਰੰਪਰਾਵਾਂ ਦੀਆਂ ਛੁਰੀਆਂ ਤਿੱਖੀਆਂ ਕਰ ਰਹੇ ਨੇ,ਫਤਵੇ ਸੁਣਾ ਰਹੇ ਨੇ, ਤਸਲੀਮਾ ਨਸਰੀਨ ਨਾਲ ਜੋ ਹੋ ਰਿਹੈ ਉਹ ਸੱਭਿਅਤਾ ਦੇ ਮੂੰਹ ਉੱਤੇ ਚਪੇੜ ਨਹੀਂ ਤਾਂ ਹੋਰ ਕੀ ਹੈ ? ਵਿਧਵਾ ਦਾ ਹਰ ਸਾਹ ਕਿਵੇਂ ਹੰਝੂਆਂ ਵਿੱਚ ਡੁਬੋ ਦਿੱਤਾ ਜਾਂਦੈ ਕਿਵੇਂ ਉਹਦੇ ਦਿਨ-ਰਾਤਾਂ ਵਿਚੋਂ ਚੰਦ-ਸੂਰਜ ਮਨਫੀ ਕਰ ਦਿੱਤੇ ਜਾਂਦੇ ਨੇ,ਇਹ ਦਿਖਾਉਣ ਵਾਲੀ ਫਿਲਮ 'ਵਾਟਰ' ਵੇਲੇ ਜੋ ਹੁੜਦੰਗ ਹੋਇਆ.. ਕੌਣ ਨਹੀਂ ਜਾਣਦਾ ? ਦੀਪਾ ਮਹਿਤਾ , ਨੰਦਿਤਾ ਦਾਸ,ਸ਼ਬਾਨਾ ਆਜ਼ਮੀ ਵਰਗੀਆਂ ਜੇ ਔਰਤ ਨੂੰ ਦਰੜ ਰਹੀਆਂ ਤਾਕਤਾਂ ਵਿਰੁੱਧ ਜਹਾਦ ਕਰਦੀਆਂ ਨੇ ਤਾਂ ਉਹਨਾਂ ਅੱਗੇ ਰੁਕਾਵਟਾਂ ਦੇ ਪਹਾੜ ਖੜ੍ਹੇ ਕਰ ਦਿੱਤੇ ਜਾਂਦੇ ਨੇ । ਇਹੋ ਜਿਹੀਆਂ ਫਿਲਮਾਂ, ਕਿਤਾਬਾਂ ਉੱ ਤੇ ਇਹ ਤਾਕਤਾਂ ਪਾਬੰਦੀ ਲਗਵਾ ਦਿੰਦੀਆਂ ਨੇ। ਮਰਦਾਂ ਨੇ ਤਾਂ ਇਹੋ ਜਿਹੇ ਚੁਟਕਲੇ ਵੀ ਘੜ ਲਏ ਨੇ,ਜਿਵੇਂ ਔਰਤ ਨੇ ਕਦਰਾਂ-ਕੀਮਤਾਂ ਹੀ ਵੇਚ ਦਿੱਤੀਆਂ ਹੋਣ, ਜਿਵੇਂ ਪਤਨੀਆਂ ਨੇ ਪਤੀ ਦਾ ਜੀਵਨ ਹੀ ਨਰਕ ਬਣਾ ਦਿੱਤਾ ਹੋਵੇ ..ਕਦੀ ਕੋਈ ਕਵੀ ਚਾਰ ਲਾਈਨਾਂ ਵਿੱਚ ਹੀ ਉਹਨੂੰ ਮਸ਼ਕੂਲੇ ਦੀ ਸਮੱਗਰੀ ਸਾਬਿਤ ਕਰ ਦਿੰਦੈ। .......ਜਿਹੜੇ ਕਹਿੰਦੇ ਨੇ ਕਿ ਔਰਤ ਤਾਂ ਹੁਣ ਬਹੁਤ ਖੁਸ਼ਹਾਲ ਹੈ, ਆਜ਼ਾਦ ਹੈ, ਮਰਜ਼ੀ ਦੀ ਮਾਲਿਕ ਹੋ ਗਈ ਹੈ, ਭੁੱਲ ਜਾਂਦੇ ਨੇ ਕਿ ਇਹ ਕਥਨ ਸਿਰਫ ਉੱਚ-ਵਰਗ ਦੀਆਂ ਔਰਤਾਂ ਬਾਰੇ ਸਹੀ ਹੈ ।ਉਹ ਭਾਵੇਂ ਖੂਬ ਪੜ੍ਹੀਆਂ-ਲਿਖੀਆਂ ਹੋਣ ਜਾਂ ਘੱਟ ਪੜ੍ਹੀਆਂ-ਲਿਖੀਆਂ, ਉਹਨਾਂ ਉੱਤੇ ਘਰ-ਪਰਿਵਾਰ ਦੀਆਂ ਅੰਦਰੂਨੀ ਬੰਦਿਸ਼ਾਂ ਤਾਂ ਜ਼ਰੂਰ ਹੋਣਗੀਆਂ,vਪਰ ਬਾਹਰੋਂ ਉਹ ਪੂਰੀ ਆਜ਼ਾਦੀ ਨਾਲ ਵਿਚਰਦੀਆਂ ਹਨ,ਕੋਈ ਰੋਕ-ਟੋਕ ਨਹੀਂ,ਉਹਨਾਂ ਦਾ ਬੋਲਿਆ ਹੀ ਕਾਨੂੰਨ ਹੈ। ਉਹਨਾਂ ਕੋਲ ਕੰਮ-ਕਾਜ ਲਈ ਨੌਕਰ, ਬੱਚਿਆਂ ਨੂੰ ਪਾਲਣ ਵਾਸਤੇ ਨੌਕਰ ਹੁੰਦੇ ਨੇ ,ਉਂਜ ਜ਼ਿਆਦਾ ਤਰ ਇਹ ਨੌਕਰ ਵੀ ਗਰੀਬ ਔਰਤਾਂ ਹੀ ਹੁੰਦੀਆਂ ਹਨ ।ਏਹੀ ਉਹ ਔਰਤਾਂ ਨੇ ਜੋ ਆਪਣਾ ਵਕਤ ਖਰੀਦੋ-ਫਰੋਖਤ ,ਕਲੱਬ, ਕਿੱਟੀ-ਪਾਰਟੀਆਂ, ਸੈਰ-ਸਪਾਟੇ ਆਦਿ ਵਿੱਚ ਬਿਤਾਉਂਦੀਆਂ ਨੇ, ਜਾਂ ਕਹੋ ਮੌਜਾਂ ਕਰਦੀਆਂ ਨੇ। ਇਹ ਜੇ ਨੌਕਰੀ ਵੀ ਕਰਦੀਆਂ ਨੇ ਤਾਂ ਸਿਰਫ ਸਟੇਟਸ ਲਈ। ਇਹਨਾਂ ਉੱਚੇ ਘਰਾਣਿਆਂ ਦੀਆਂ ਮੁਟਿਆਰਾਂ ਹੀ ਨੇ ਜੋ ਸ਼ਰਾਬ ਪੀ ਕੇ ਖੜਮਸਤੀ ਕਰਦੀਆਂ ਨੇ, ਮੁੰਡਿਆਂ ਦੇ ਬਰਾਬਰ ਮੋਟਰਸਾਈਕਲ ਭਜਾ ਕੇ ਸੀਟੀਆਂ ਮਾਰਦੀਆਂ ਨੇ, ਡਿਸਕੋ-ਘਰਾਂ ਵਿੱਚ ਝੂਮਦੀਆਂ ਨੇ, ਹੋਟਲਾਂ ਦੀ ਸ਼ੋਭਾ ਬਣਦੀਆਂ ਨੇ।
ਹਾਂ..ਇਸ ਵਰਗ ਦੀਆਂ ਔਰਤਾਂ ਨੂੰ ਰੋਜ਼ੀ ਰੋਟੀ ਦਾ ਕੋਈ ਫਿਕਰ ਨਹੀਂ ਹੈ।ਇਹਨਾਂ ਵਿਚੋਂ ਬਹੁਤੀਆਂ ਨੇ ਸੂਲਾਂ ਦੀਆਂ ਚੋਭਾਂ ਨਹੀਂ ਸਹੀਆਂ ਹੁੰਦੀਆਂ ,ਇਸ ਲਈ ਇਹਨਾਂ ਨੂੰ ਆਮ ਔਰਤ ਦੀਆਂ ਪੀੜਾਂ ਦਾ ਅਹਿਸਾਸ ਨਹੀਂ ਹੁੰਦਾ।
ਪਰ ਇਹ ਹਨ ਕਿੰਨੀਆਂ ਕੁ?ਆਟੇ ਵਿੱਚ ਲੂਣ ਵੀ ਨਹੀਂ..ਗੱਲ ਤਾਂ ਉਹਨਾਂ ਦੀ ਹੈ ਜੋ ਆਟਾ ਕਮਾਉਂਦੀਆਂ ਨੇ,ਆਟਾ ਗੁੰਨ੍ਹਦੀਆਂ ਨੇ,ਆਟਾ ਪਕਾਉਂਦੀਆਂ ਨੇ.. ਮੱਧ-ਵਰਗ ਦੀਆਂ ਔਰਤਾਂ..ਉਚੇਰੀ ਪੜ੍ਹਾਈ ਕਰਕੇ ਚੰਗੀ ਨੌਕਰੀ ਕਰਦੀਆਂ, ਪਰ ਉਹਨਾਂ ਦੀ ਹਾਲਤ ਅੰਦਰੋਂ ਤਰਸਯੋਗ ਹੁੰਦੀ ਹੈ । ਦਫਤਰ ਅਤੇ ਘਰ ਦੀਆਂ ਜ਼ਿੰਮੇਵਾਰੀਆਂ ਵਿੱਚ ਤਾਲ-ਮੇਲ ਬਿਠਾਉਂਦੀਆਂ ਹੀ ਥੱਕ-ਟੁੱਟ ਜਾਂਦੀਆਂ ਨੇ। ਜੇ ਤਾਂ ਲਾਵਾਂ-ਫੇਰਿਆਂ ਦਾ ਸਾਥੀ ਮੁਹੱਬਤ ਦੀ ਛਤਰੀ ਤਾਣ ਦਵੇ, ਫਿਰ ਤਾਂ ਚਾਹੇ ਤੰਗੀਆਂ ਦੀ ਧੁੱਪ ਹੋਵੇ, ਚਾਹੇ ਕਮੀਆਂ ਦੀ ਬਾਰਿਸ਼, ਉਥੇ ਹਾਸਿਆਂ ਦਾ ਸੰਗੀਤ ਹੀ ਗੂੰਜਦਾ ਹੈ, ਪਰ ਜਿੱਥੇ ਮਰਦਊਪੁਣਾ ਫੁੰਕਾਰੇ ਮਾਰਦਾ ਹੋਵੇ ਉਥੇ ਤਾਂ ਫਿਰ,
ਚਿੜੀਆਂ ਦਾ ਚੰਬਾ ਉਡ ਕੇ ਬਾਬਲ!ਕਿਸੇ ਭੱਠੀ'ਚ ਜਾ ਡਿੱਗਿਆ
ਟੁਕੜਾ ਤੇਰੇ ਜਿਗਰ ਦਾ ਮਾਏ! ਕਿਸੇ ਤੌੜੀ 'ਚ ਜਾ ਰਿੱਝਿਆ
ਇਹਨਾਂ ਚੰਬੇ ਦੀਆਂ ਚਿੜੀਆਂ ਦਾ ਰੱਬ ਹੀ ਰਾਖਾ. ...
" ਲੇਟ ਕਿਉਂ ਆਈ ਐਂ? """'
""" "' ਏਨਾ ਚਿਰ ਫੋਨ'ਤੇ ਕੀਹਦੇ ਨਾਲ ਗੱਲਾਂ ਕਰ ਰਹੀ ਸੀ? '
" ਫਲਾਣਾ ਤੇਰੇ ਵੱਲ ਮੁੜ-ਮੁੜ ਕੇ ਕਿਉਂ ਝਾਕਦਾ ਸੀ ?",
"ਆਵਦੀ ਅਫਸਰੀ ਦਫਤਰ 'ਚ ਘੋਟਿਆ ਕਰ ,ਏਥੇ ਤੂੰ ਬਹੂ ਐਂ! ਤੇਰਾ ਫਰਜ਼ ਐ ਸਾਰਿਆਂ ਦੀ ਸੇਵਾ ਕਰਨਾ ਬੀਮਾਰੀ ਦਾ ਬਹਾਨਾ ਤੇਰੇ ਕਾਲਜ 'ਚ ਚੱਲਦਾ ਹੋਊ.. ਏਥੇ ਨੀ..ਕੰਮ ਕਰ ਨਹੀਂ ਤਾਂ ਡੰਡਾ ਖੜਕੂ '.... "
ਤੇ ਹੋਰ ਇਹੋ ਜਿਹੇ,ਬਲਕਿ ਇਸ ਤੋਂ ਵੀ ਕਿਤੇ ਜ਼ਹਿਰੀ ਸੈਂਕੜੇ ਵਿਸ਼ੀਅਰ ਨਾਗ ਉਹਨੂੰ ਨਿੱਤ ਡੰਗਦੇ ਕਰਦੇ ਨੇ।ਤਾਹਨੇ-ਮਿਹਣੇ, ਗਾਲਾਂ-ਦੁੱਪੜਾਂ,ਧੱਫੇ-ਮੁਕੀਆਂ,ਉਹਦੇ ਅਰਮਾਨਾਂ ਦੀ ਫੁਲਕਾਰੀ ਲੀਰ-ਲੀਰ ਕਰਦੇ ਨੇ।
ਇਕ ਵਾਰ ਵਿਵਿਧਭਾਰਤੀ ਦੇ 'ਮੰਥਨ' ਪ੍ਰੋਗਾਰਮ ਵਿੱਚ 'ਕੰਨਿਆ ਭਰੂਣ-ਹੱਤਿਆ' ਉੱਤੇ ਬਹਿਸ ਹੋਈ.. ਬਨਾਰਸ ਤੋਂ ਇਕ ਲੜਕੀ ਆਰਤੀ ਬੋਲੀ,
"ਲੜਕੀਓਂ ਕੀ ਇਤਨੀ ਬੇਕਦਰੀ ਹੋ ਰਹੀ ਹੈ ਕਿ ਉਨਕੇ ਲੀਏ ਮ੍ਰਿਤਿਯੂ ਹੀ ਬੇਹਤਰ ਹੈ"""'
"ਯੇ ਤੋ ਆਪ ਨੇ ਬਹੁਤ ਸ਼ੌਕਿੰਗ ਬਾਤ ਕਹਿ ਦੀ "
....ਸੰਚਾਲਕ ਮਿਸਟਰ ਯੂਨਸਖਾਨ ਬੋਲੇ
"ਮੈਂ ਨੇ ਅਪਨੇ ਆਸ-ਪਾਸ ਜਿਤਨੀ ਭੀ ਮਹਿਲਾਏਂ ਦੇਖੀ ਹੈਂ,ਵੋ ਦੁੱਖ ਹੀ ਝੇਲ ਰਹੀ ਹੈਂ,ਵੋ ਨਹੀਂ ਚਾਹਤੀ ਉਨਕੀ ਬੱਚੀਆਂ ਭੀ ਐਸੇ ਹੀ ਪੀੜਿਤ ਹੋਂ...ਇਸੀ ਲੀਏ ਮੈਂ ਬਹੁਤ ਕਮਜ਼ੋਰ ਹੋ ਕਰ ਯੇ ਬਾਤ ਕਹਿ ਰਹੀ ਹੂੰ" '
ਮੇਰੀ ਇਕ ਡਾਕਟਰ ਸਹੇਲੀ ਨੂੰ ਉਹਦੇ ਖਾਵੰਦ ਨੇ ਕੁੱਟ-ਮਾਰ ਕੇ ਦਲੀਜ਼ੋਂ ਬਾਹਰ ਕਰ ਦਿੱਤਾ।ਮੈਂ ਉਹਦਾ ਹਾਲ-ਹਵਾਲ ਜਾਣਨ ਉਹਦੇ ਪੇਕੇ-ਘਰ ਪਹੁੰਚੀ ਤਾਂ ਪੀੜਾਂ-ਪੱਛੀ ਮਾਂ ਗੇਟ ਖੋਲ੍ਹਦਿਆਂ ਹੀ ਬੋਲੀ,
' ਬੇਟਾ!ਹੁਣ ਤੂੰ ਲਿਖ 'ਹਾਂ!ਮੰਮੀ ਹਾਂ'..ਜੇ ਏਨੀ ਹਾਈਟ 'ਤੇ ਪਹੁੰਚ ਕੇ ਵੀ ਧੀਆਂ ਏਦਾਂ ਈ ਉੱਜੜਨੀਆਂ ਨੇ ਤਾਂ ਜੰਮਣ ਤੋਂ ਪਹਿਲਾਂ ਈ ਮਾਰੀਆਂ ਚੰਗੀਆਂ... '
ਦੂਰ ਕੀ ਜਾਣਾ ਹੈ,ਮੇਰੀ ਆਪਣੀ ਮੈਡੀਕਲ ਸਾਇੰਸ ਵਿੱਚ ਮਾਸਟਰਜ਼ ਧੀ, ਸਰਕਾਰੀ ਨੌਕਰੀ ਕਰਦੀ ਤੇ ਗ੍ਰਹਿਸਤ ਦਾ ਸਾਰਾ ਖਰਚਾ ਚਲਾਉਂਦੀ .. ਫਿਰ ਵੀ ਘਰ ਆਈ ਨੂੰ ਉਹਦਾ ਨਿਖੱਟੂ ਪਤੀ ਇਹੋ ਜਿਹੇ ਤਸੀਹੇ ਦਿੰਦਾ ਕਿ ਉਹ ਅਕਸਰ ਮੈਨੂੰ ਕਹਿੰਦੀ,
" ਮੰਮਾ!ਇਹਦੇ ਨਾਲੋਂ ਤਾਂ ਚੰਗਾ ਸੀ ਤੁਸੀਂ ਮੈਨੂੰ ਜੰਮਦੀ ਨੂੰ ਈ ਮਾਰ ਦਿੰਦੇ "
ਇਹ ਸਭ ਮੇਰੇ ਲਹੂ ਨਾਲ ਲਿਖੀਆਂ ਇਬਾਰਤਾਂ ਨੇ..ਹੋਰ ਸਾਰਿਆਂ ਕੋਲ ਵੀ ਅਨੇਕਾਂ ਹੱਡ-ਬੀਤੀਆਂ ਨੇ, ਜੱਗ-ਬੀਤੀਆਂ ਨੇ..ਜਦੋਂ ਕਿਸੇ ਸਜਵਿਆਹੀ ਦਾ ਚੂੜਾ ਉਹਦੇ ਸਿਹਰਿਆਂ ਵਾਲੇ ਨੇ ਇਸ ਤਰ੍ਹਾਂ ਭੰਨਿਆ ਕਿ ਉਹਦੀ ਮਾਸੂਮ ਵੀਣੀ ਵਿੱਚੋਂ ਲਹੂ ਦੇ ਕਤਰੇ ਡਿੱਗਣੇ ਸਾਲਾਂ ਤੱਕ ਬੰਦ ਨਹੀਂ ਹੋਏ।
ਇਹਨਾਂ ਵਿੱਚੋਂ ਕਈ ਤਾਂ ਟੁੱਟਣ ਕਿਨਾਰੇ ਪਹੁੰਚ ਜਾਂਦੀਆਂ ਨੇ..ਮਾਨਸਿਕ ਰੋਗੀ ਬਣ ਜਾਂਦੀਐਂ, ਕਈ ਆਤਮਹੱਤਿਆ ਕਰ ਲੈਂਦੀਐਂ, ਕਈਆਂ ਨੂੰ ਰਾਕਸ਼ ਮਾਰ ਦਿੰਦੇ ਨੇ, ਪਰ ਬਹੁਤੀਆਂ ਸਨੇਹੀਆਂ-ਸਬੰਧੀਆਂ ਦੀ ਸ਼ਹਿ 'ਤੇ ਦਿਨ-ਕਟੀ ਕਰ ਲੈਂਦੀਐਂ, ਕਈ ਆਪਣੇ ਸਿਰੜ ਤੇ ਸਿਦਕ ਨਾਲ ਜੀਵਨ ਦੀਆਂ ਸਾਰੀਆਂ ਸੁੱਖ-ਸਹੂਲਤਾਂ ਵੀ ਪ੍ਰਾਪਤ ਕਰ ਲੈਂਦੀਐਂ।ਕਈ ਅਗਾਂਹ-ਵਧੂ ਵਿਚਾਰਾਂ ਵਾਲੀਆਂ ਵੀ ਹੁੰਦੀਐਂ, ਜੇ ਜ਼ੁਲਮ ਹੱਦੋਂ ਵਧ ਜਾਏ ਤਾਂ ਬਗਾਵਤ ਵੀ ਕਰਦੀਐਂ, ਜੂਝਣ ਦੀ ਹਿੰਮਤ ਵੀ ਹੁੰਦੀ ਐ ਇਹਨਾਂ ਵਿੱਚ,ਦੂਜੀਆਂ ਸਤਾਈਆਂ ਗਈਆਂ ਨਾਰੀਆਂ ਦੀ ਮੱਦਦ'ਤੇ ਵੀ ਉਤਰ ਆਉਂਦੀਐਂ। ਇਹੀ ਉਹ ਔਰਤਾਂ ਨੇ ਜੋ ਸੰਘਰਸ਼ ਦੀ ਕੁਠਾਲੀ ਵਿੱਚ ਤਪ ਕੇ ਕੁੰਦਨ ਬਣੀਆਂ ਹੁੰਦੀਆਂ ਨੇ, ਸਮਾਜਿਕ ਸਰੋਕਾਰਾਂ ਦੀ ਚੰਗੀ ਪਕੜ ਰੱਖਦੀਆਂ ਨੇ ......ਤੇ ਏਹੀ ਨੇ ਉਹ ਬੀਰਾਂਗਣਾਂ, ਜਿਹੜੀਆਂ ਔਰਤ ਦੀ ਦਸ਼ਾ ਸੁਧਾਰਨ ਵਿੱਚ..ਉਹਨੂੰ ਕੋਈ ਦਿਸ਼ਾ ਦੇਣ ਵਿੱਚ ਸਹਾਈ ਹੋ ਸਕਦੀਆਂ ਨੇ।
ਤੇ ਇਕ ਹੋਰ ਵੀ ਵਰਗ ਹੈ.. ਤੀਸਰਾ ਵਰਗ.. ਕਮਜ਼ੋਰ ਘਰਾਂ ਵਿੱਚ ਪਲੀਆਂ ਲੜਕੀਆਂ ਦਾ.. ਪਰਿਵਾਰਿਕ ਗਰੀਬੀ ਕਰਕੇ ਪੜ੍ਹਾਈ ਥੋੜ੍ਹੀ-ਬਹੁਤੀ ਹੀ ਹੁੰਦੀ ਹੈ, ਨੌਕਰੀ ਵੀ ਘੱਟ ਹੀ ਮਿਲਦੀ ਐ, ਲੋੜ ਪੈਣ'ਤੇ ਗੁਜ਼ਾਰੇ ਜੋਗਾ ਕਿੱਤਾ ਸਿੱਖ ਜਾਂਦੀਐਂ,ਕੁਝ ਕੁ ਨੂੰ ਛੱਡ ਕੇ ਬਾਕੀ ਸਾਰੀਆਂ ਪਰਿਵਾਰ ਤੇ ਸਮਾਜ ਦੇ ਦਬਾਅ ਹੇਠ ਹੀ ਵਿਚਰਦੀਐਂ..ਸਭ ਤੋਂ ਵੱਧ ਘਰੇਲੂ-ਹਿੰਸਾ ਦਾ ਸ਼ਿਕਾਰ ਏਹੀ ਹੁੰਦੀਐਂ।
ਇਹ ਸਭ ਤੋਂ ਵੱਡਾ ਵਰਗ ਹੈ,ਪਰਿਵਾਰ ਵਿੱਚ ਫੈਸਲੇ ਲੈਣ ਦੇ ਅਧਿਕਾਰ ਵਾਸਤੇ ਜੂਝਣਾ ਪੈਂਦੈ , ਬੱਚਿਆਂ ਨੂੰ ਚੰਗਾ ਪਾਲਣ-ਪੋਸਣ, ਵਧੀਆ ਪੜ੍ਹਾਉਣ-ਲਿਖਾਉਣ ਲਈ ਪੱਬਾਂ ਭਾਰ ਹੋਣਾ ਪੈਂਦੈ, ਧੀਆਂ ਨੂੰ ਜੰਮਣ ਤੇ ਪੜ੍ਹਾਉਣ ਵਿੱਚ ਅਕਸਰ ਅਸਫਲ ਰਹਿੰਦੀਐਂ, ਆਪਣੇ ਪੈਰਾਂ'ਤੇ ਖੜ੍ਹੇ ਨਾ ਹੋ ਸਕਣ ਕਾਰਨ ਨਾ ਉਹ ਆਪ ਤੇ ਨਾ ਉਹਨਾਂ ਦੀਆਂ ਧੀਆਂ ਆਪਣੇ ਬਣਦੇ ਹੱਕ ਪ੍ਰਾਪਤ ਕਰ ਸਕਦੀਐਂ। ਜਿਹੜੀਆਂ ਅਨਪੜ੍ਹ ਜਾਂ ਅੱਧਪੜ੍ਹ ਹੁੰਦੀਆਂ ਨੇ,ਉਹ ਤਾਂ ਹਰ ਵੇਲੇ ਹੀ ਪਰਿਵਾਰਿਕ ਤੇ ਸਮਾਜਿਕ ਸ਼ੋਸ਼ਣ ਦਾ ਸ਼ਿਕਾਰ ਬਣਦੀਆਂ ਨੇ..ਇਹ ਉਹ ਵਰਗ ਹੈ ,ਜੋ ਅਕਸਰ ਆਪਣੇ ਦੁੱਖ ਕਰਮਾਂ ਦੇ ਸਿਰ ਮੜ੍ਹਦਾ ਹੈ ਤੇ ਭਲੇ ਦਿਨਾਂ ਦੀ ਆਸ ਲੈਕੇ ਪਰਮਾਤਮਾ ਵੱਲ,ਸਮਾਜ ਵੱਲ, ਸਮੇਂ ਦੀਆਂ ਸਰਕਾਰਾਂ ਵੱਲ ਸਧਰਾਈਆਂ ਨਜ਼ਰਾਂ ਨਾਲ ਝਾਕਦਾ ਹੈ।
ਉਪ੍ਰੋਕਤ ਵਰਗਾਂ ਦੀਆਂ ਨਾਰੀਆਂ ਦੀ ਸਥਿਤੀ ਵੱਲ ਡੂੰਘੀ ਨਜ਼ਰੇ ਦੇਖੀਏ,ਤਾਂ ਕੁਝ ਕੁ ਨਾਰੀਆਂ ਹੀ ਚੰਗੀ ਵਿਦਿਆ ਤੇ ਪਰਿਵਾਰਿਕ ਸਹਿਯੋਗ ਕਰਕੇ ਪਿਛੜੇਪਨ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਬਰਾਬਰਤਾ ਦਾ ਹੱਕ ਲੈ ਸਕੀਆਂ ਨੇ, ਤੇ ਹਰ ਖੇਤਰ ਵਿੱਚ ਉਹਨਾਂ ਦੇ ਯੋਗਦਾਨ ਦਾ ਮੁੱਲ ਪੈ ਰਿਹੈ।ਨੀਲਮ ਮਾਨ ਸਿੰਘ ਥੀਏਟਰ ਦੀ ਮਹਾਰਾਣੀ ਬਣੀ ਹੈ, ਸੋਨਲ ਮਾਨ ਸਿੰਘ ਵਰਗੀਆਂ ਦੀਆਂ ਥਿਰਕਦੀਆਂ ਅੱਡੀਆਂ ਨੇ ਸ਼ਾਹਕਾਰ ਸਿਰਜੇ ਹਨ।ਦੂਰਬਾ ਬੈਨਰਜੀ ਨੂੰ ਵਿਸ਼ਵ ਦੀ ਪਹਿਲੀ ਮਹਿਲਾ ਪਾਈਲਟ ਹੋਣ ਦਾ ਮਾਣ ਹਾਸਿਲ ਹੈ। ਅਮ੍ਰਿਤਾ ਪ੍ਰੀਤਮ,ਦਲੀਪ ਕੌਰ ਟਿਵਾਣਾ ਨੇ ਸਾਹਿਤ ਦੀਆਂ ਚੋਟੀਆਂ ਤੋਂ ਸ਼ਗੂਫੇ ਤੋੜੇ ਨੇ । ਕਲਪਨਾ ਚਾਵਲਾ, ਸੁਨੀਤਾ ਵਿਲੀਅਮ ਚੰਦ-ਤਾਰਿਆਂ ਨੂੰ ਹੱਥ ਲਾ ਆਈਆਂ।ਪੀ.ਟੀ ਊਸ਼ਾ,ਸੁਨੀਤਾ ਰਾਣੀ, ਸਾਨੀਆ ਮਿਰਜ਼ਾ ਵਰਗੀਆਂ ਨੇ ਦੇਸ਼ ਦੇ ਮੁਕਟ ਵਿੱਚ ਕਿੰਨੇ ਹੀ ਖੇਡ-ਤਗਮੇ ਜੜੇ ਨੇ।
ਪਰ ਔਰਤ ਦੀ ਨਿੱਜੀ ਜ਼ਿੰਦਗੀ..ਉਹਦਾ ਘਰ-ਪਰਿਵਾਰ....ਹਮੇਸ਼ਾ ਉਹਦੇ ਸੁਫਨਿਆਂ ਦਾ ਹਾਣੀ ਨਹੀਂ ਹੁੰਦਾ..ਕਿਤੇ ਕਿਤੇ ਹੀ ਉਹਦੇ ਮਹਿੰਦੀ ਵਾਲੇ ਹੱਥਾਂ ਵਿੱਚੋਂ ਖੁਸ਼ੀ ਮਹਿਕਦੀ ਹੈ..ਨਹੀਂ ਤਾਂ ਭਟਕਣ, ਸੰਤਾਪ ਦੀਆਂ ਲਕੀਰਾਂ ਹੀ ਗੂੜ੍ਹੀਆਂ ਹੋ ਹੋ ਝਾਕਦੀਆਂ ਨੇ ।ਉਹਨੂੰ ਵਿਆਹਿਆ ਜਾਂਦੈ, ਮੁਫਤ ਦੀ ਨੌਕਰਾਣੀ ਬਣਾਉਣ ਲਈ , ਬੱਚੇ ਪੈਦਾ ਕਰਨ ਲਈ, ਵਾਸਨਾ ਦੇ ਰੱਜ ਲਈ, ਬਾਹਰਲੇ ਦੇਸਾਂ ਵਿੱਚ ਪੱਕੇ ਹੋਣ ਲਈ।ਉਹਨੂੰ ਵਰਤਿਆ ਜਾਂਦੈ ਤਰੱਕੀਆਂ ਲਈ, ਵਸਤਾਂ ਦੀ ਮਸ਼ਹੂਰੀ ਲਈ ।ਉਹਨੂੰ ਵੇਚਿਆ ਜਾਂਦੈ ਕੋਠੇ 'ਤੇ ਬੈਠਣ ਲਈ, ਤਸਕਰੀ ਲਈ,ਦੇਸੀ-ਵਿਦੇਸ਼ੀ ਸੇਠਾਂ ਨੂੰ ਖੁਸ਼ ਕਰਨ ਲਈ।ਔਰਤ ਨੂੰ ਦੇਵੀ ਕਹਿਣ ਵਾਲੇ ਉਹਨੂੰ 'ਦੇਵਦਾਸੀ ' ਜਾਂ 'ਨਗਰ-ਬਧੂ' ਦਾ ਮਹਾਨ ਦਰਜਾ ਦਿੰਦੇ ਨੇ । ਰੱਜਵੀਂ ਸੇਜ ਹੰਢਾਉਣ ਪਿੱਛੋਂ ਦਾਜ ਦੇ ਲੱਖਾਂ ਰੁਪੈ ਤੇ ਗਹਿਣੇ ਲੈ ਕੇ ਵਿਦੇਸ਼ ਭੱਜਣ ਵਾਲੇ ਲਾੜਿਆਂ ਵਲੋਂ ਏਥੇ ਛੱਡੀਆਂ ਸਜਵਿਆਹੀਆਂ ਦੀ ਕਹਾਣੀ ਲੂੰ ਕੰਡੇ ਖੜ੍ਹੇ ਕਰਦੀ ਹੈ, ਜਿਹੜੀਆਂ ਖੁਦ ਵਿਦੇਸ਼ਾਂ ਵਿੱਚ ਸਥਾਪਿਤ ਨੇ, ਉਹਨਾਂ ਦੇ ਖੰਭਾਂ'ਤੇ ਉੱਡ ਕੇ ਬਾਹਰਲੇ ਹਵਾਈ-ਅੱਡਿਆਂ ਤੋਂ ਅਲੋਪ ਹੋਣ ਵਾਲੇ ਕਬੂਤਰਾਂ ਦੀ ਗਿਣਤੀ ਵੀ ਘੱਟ ਨਹੀਂ..ਤੇ ਜਿਹੜੀਆਂ ੳਧਰ ਵਸਦੀਆਂ ਵੀ ਨੇ, ਪਤੀਆਂ ਨਾਲ,ਸਹੁਰੇ-ਪਰਿਵਾਰ ਨਾਲ,ਉਹਨਾਂ ਨਾਲ ਹੋ ਰਹੇ ਅਣਮਨੁੱਖੀ ਵਤੀਰੇ ਵੀ ਜੱਗ-ਜ਼ਾਹਿਰ ਨੇ। ਜੇ ਕਿਤੇ ਸਾਰੇ ਹੀ ਅੰਕੜੇ ਵਾਚਣ ਬਹਿ ਜਾਈਏ,ਤਾਂ ਇਨਸਾਨੀਅਤ ਦੇ ਡੁੱਬਣ ਲਈ ਚੱਪਣੀ ਦਾ ਪਾਣੀ ਤਾਂ ਕੀ,ਸੱਤ ਸਮੁੰਦਰਾਂ ਦਾ ਪਾਣੀ ਵੀ ਨਾਕਾਫੀ ਹੋਏਗਾ ।
ਉਹ ਵੀ ਨੇ, ਜਿਹੜੇ ਕਹਿੰਦੇ ਨੇ ਕਿ ਨਾਰੀ ਆਪਣੀ ਦਸ਼ਾ ਲਈ ਆਪ ਜ਼ਿੰਮੇਵਾਰ ਹੈ,ਉਹ ਹੀ ਨੂੰਹ ਨੂੰ ਦਾਜ ਲਈ ਤੰਗ ਕਰਦੀ ਹੈ ਜਾਂ ਦੂਜਿਆਂ ਨੂੰ ਉਕਸਾਉਂਦੀ ਹੈ, ਤੇ ਇਹ ਵੀ ਕਿ ਨਾਰੀ ਹੀ ਆਪਣੀ ਧੀ ਨੂੰ ਕੁੱਖ ਵਿੱਚ ਮਾਰਨ ਲਈ ਜ਼ਿੰਮੇਵਾਰ ਹੈ। ਉਹਨਾਂ ਦੇ ਚਿੱਤ-ਚੇਤੇ ਵਿੱਚ ਵੀ ਇਹ ਨਹੀਂ ਆਉਂਦਾ ਕਿ ਜੇ ਕਿਸੇ ਔਰਤ ਨੇ ਗਲਤੀ ਜਾਂ ਜ਼ੁਲਮ ਕੀਤਾ ਹੈ ਤਾਂ ਇਸ ਪਿੱਛੇ ਪਰਿਵਾਰਿਕ/ਸਮਾਜਿਕ ਦਬਾਅ ਜਾਂ ਔਰਤ ਦਾ ਸਮੁੱਚਾ ਪਿਛੋਕੜ ਹੈ,ਇਹ ਸੰਗਲਾਂ ਦੀਆਂ ਉਹਨਾਂ ਚੀਘਾਂ ਦਾ ਅਸਰ ਹੈ ਜੋ ਔਰਤ ਸਦੀਆਂ ਤੋਂ ਹੰਢਾਉਂਦੀ ਆਈ ਹੈ।ਉਹਨਾਂ ਹੋਣੀਆਂ-ਅਣਹੋਣੀਆਂ ਦੀਆਂ ਚੀਸਾਂ ਦਾ,ਜੋ ਔਰਤ ਦੇ ਮੱਥੇ'ਤੇ ਕਾਲੀ ਸਿਆਹੀ ਨਾਲ ਲਿਖੀ ਹੋਈਆਂ ਨੇ..ਹੁਣ ਤਾਂ ਅੰਕੜੇ ਵੀ ਆ ਗਏ ਨੇ:
'ਨੈਸ਼ਨਲ ਕਰਾਈਮ ਰਿਕਾਰਡ ਬਿਊਰੋ' ਦੀ ਰਿਪੋਰਟ ਹੈ:
-ਦੇਸ਼ ਵਿੱਚ ਔਸਤਨ ਹਰ ਘੰਟੇ 18 ਔਰਤਾਂ ਉੱਤੇ ਅੱਤਿਆਚਾਰ ਕੀਤਾ ਜਾਂਦਾ ਹੈ
-ਹਰ ਪੰਜਵੇਂ ਮਿੰਟ ਇਕ ਔਰਤ ਜਾਂ ਬੱਚੀ ਦਾ ਜਿਸਮਾਨੀ-ਸ਼ੋਸ਼ਣ ਹੁੰਦਾ ਹੈ
-ਹਰ ਛੱਬੀਵੇਂ ਮਿੰਟ ਇਕ ਔਰਤ ਛੇੜ-ਛਾੜ ਦੀ ਸ਼ਿਕਾਰ ਹੁੰਦੀ ਹੈ
-ਹਰ ਚੌਂਤੀਵੇਂ ਮਿੰਟ ਇਕ ਔਰਤ ਨਾਲ ਬਲਾਤਕਾਰ ਹੁੰਦਾ ਹੈ
-ਹਰ ਬਿਆਲੀਵੇਂ ਮਿੰਟ ਇਕ ਔਰਤ ਯੌਨ-ਉਤੀੜਪਣ ਝੇਲਦੀ ਹੈ
-ਹਰ ਤਰਾਨਵੇਂ ਮਿੰਟ ਇਕ ਔਰਤ ਦੀ ਹੱਤਿਆ ਹੁੰਦੀ ਹੈ
ਇਹ ਸਿਰਫ ਦਰਜ ਹੋਏ ਮਾਮਲਿਆਂ ਅਨੁਸਾਰ ਹੈ ਅਤੇ ਇਹ ਗਿਣਤੀ ਰੋਜ਼ ਬਹੁਤ ਤੇਜ਼ੀ ਨਾਲ ਵਧ ਰਹੀ ਹੈ..
'ਟਾਈਮਜ਼ ਆਫ ਇੰਡੀਆ' ਦੱਸਦਾ ਹੈ :
ਹਰ ਇਕ ਘੰਟਾ ਗੁਜ਼ਰਨ ਦੇ ਨਾਲ ਹਿੰਦੁਸਤਾਨ ਵਿੱਚ ਦੋ ਔਰਤਾਂ ਅਗਵਾ,
ਦੋ ਬਲਾਤਕਾਰ,ਚਾਰ ਛੇੜ-ਛਾੜ ਤੇ ਸੱਤ ਪਤੀਆਂ ਤੇ ਉਹਦੇ ਰਿਸ਼ਤੇਦਾਰਾਂ ਵਲੋਂ ਹਿੰਸਾ ਦਾ ਸ਼ਿਕਾਰ ਹੋ ਚੁੱਕੀਆਂ ਹੁੰਦੀਆਂ ਹਨ।

ਮੁਟਿਆਰਾਂ ਹੀ ਨਹੀਂ, ਹੁਣ ਤਾਂ ਦਾਦੀਆਂ-ਨਾਨੀਆਂ ਦੀ ਉਮਰ ਵਾਲੀਆਂ ਦਾ ਵੀ ਬਲਾਤਕਾਰ ਕਰਕੇ ਕਤਲ ਹੋ ਰਿਹੈ।
" ਜ਼ਿੰਦਗਾਨੀ ਵੰਡਣ ਵਾਲੀਆਂ ਕਿਸ ਮੋੜ 'ਤੇ ਆਈਆਂ?
ਹਰ ਉਮਰੇ ਹੰਝੂ ਚੁਗਦੀਆਂ, ਕੂੰਜਾਂ ਤਿਰਹਾਈਆਂ "
ਸਮਾਂ ਏਨਾ ਬੇਸ਼ਰਮ ਹੋ ਗਿਐ ਕਿ ਮੁਸ਼ਟੰਡੇ ਔਰਤਾਂ ਨੂੰ ਅਲਫ-ਨੰਗੀਆਂ ਘੁਮਾ ਕੇ ਤਾੜੀਆਂ ਮਾਰਦੇ ਨੇ।ਇਹੋ ਜਿਹਾ ਕੁਝ ਹੀ ਵਾਪਰਦਾ ਹੈ ਜਦੋਂ ਕੋਈ ਅਬਲਾ 'ਫੂਲਨ ਦੇਵੀ' ਦਾ ਰੂਪ ਵਟਾਉਂਦੀ ਹੈ ।
ਔਰਤ ਨੂੰ ਇਨਸਾਫ ਦੇਣ ਲਈ ਪੀ.ਐਨ.ਡੀ,ਟੀ.ਐਕਟ,ਗਰਭਪਾਤ ਸਬੰਧੀ ਕਾਨੂੰਨ, ਘਰੇਲੂ-ਹਿੰਸਾ, ਦਹੇਜ ਸਬੰਧੀ ਕਾਨੂੰਨ ਬਣਾਏ ਗਏ ਨੇ,ਪਰ ਉਹ ਲਾਗੂ ਕਿੱਥੇ ਹੁੰਦੇ ਨੇ?ਇਨਸਾਫ ਮੰਗਦੀ ਔਰਤ ਕਦੀ ਕਿਸੇ ਸਰਕਾਰੀ ਦਫਤਰ ਵਿੱਚ ਆਤਮ-ਦਾਹ ਕਰਨ ਲਈ ਮਜਬੂਰ ਹੋ ਜਾਂਦੀ ਹੈ,ਕਦੀ ਕਿਸੇ ਕਚਹਿਰੀ ਵਿੱਚ ਆਪਣੀਆਂ ਨਸਾਂ ਕੱਟਦੀ ਹੈ,ਤੇ ਕਦੀ ਬੋਲੇ-ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਨਿਰਵਸਤਰ ਹੋਣ ਦੀ ਕੋਸ਼ਿਸ਼ ਕਰਦੀ ਐ,ਕਿ ਉਹਦੇ ਕਪੜੇ ਤਾਂ ਬਹੁਤ ਪਹਿਲਾਂ ਹੀ ਉਤਾਰ ਦਿੱਤੇ ਗਏ ਹੁੰਦੇ ਨੇ,ਕਦੀ ਹੱਥਾਂ ਨਾਲ, ਕਦੀ ਨਜ਼ਰਾਂ ਨਾਲ..ਕਦੀ ਠਾਣੇ ਵਿੱਚ,ਕਦੀ ਦਫਤਰ ਵਿੱਚ...... ਤੇ ਕਦੀ ਵਕੀਲਾਂ ਦੀਆਂ ਬਹਿਸਾਂ ਵਿੱਚ। ਉਹਨੂੰ ਪਤਾ ਨਹੀਂ ਲੱਗਦਾ ਕਿ ਉਹ ਆਪਣਾ ਰੋਹ ਕਿਵੇਂ ਪ੍ਰਗਟ ਕਰੇ ਕਿ ਕੁੰਭਕਰਨ ਦੀ ਨੀਂਦ ਸੁੱਤੇ ਨਿਆਂ ਦੀਆਂ ਅੱਖਾਂ ਖੁੱਲ੍ਹਣ.. ਮਰਦ-ਪ੍ਰਧਾਨ ਸਮਾਜ, ਉੱਚੀਆਂ ਸਿਫਾਰਿਸ਼ਾਂ, ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਤੇ ਇਹੋ ਜਿਹੇ ਬਹੁਤ ਸਾਰੇ ਪੰਜੇ ਵਰਕੇ ਪਾੜ ਦਿੰਦੇ ਨੇ ਕਾਨੂੰਨ ਦੀ ਕਿਤਾਬ ਦੇ.............ਹਾਂ ਦੇਰ-ਸਵੇਰ ਕਿਤੇ ਨਾ ਕਿਤੇ ਜੁਝਾਰੂ ਲੋਕਾਂ ਕਰਕੇ ਇਨਸਾਫ ਮਿਲ ਵੀ ਜਾਂਦੈ.. ਉਹ ਵੀ ਅੱਧ-ਪਚੱਧਾ ਤੇ ਕਦੀ ਨਾਂਹ ਦੇ ਬਰਾਬਰ... ਰੁਚਿਕਾ-ਕੇਸ,ਕਿਰਨਦੀਪ ਦਾ ਬਲਾਤਕਾਰ ਤੇ ਹੱਤਿਆ, ਅਰੁਸ਼ੀ ਦਾ ਕਤਲ, ਨੇਹਾ ਦਾ ਕਤਲ, ਤੇ ਫਿਰ ਦਿੱਲੀ ਵਿਚ ਦਾਮਿਨੀ ਦਾ ਸਮੂਹਿਕ ਬਲਾਤਕਾਰ ਤੇ ਕਤਲ ਭਲਾ ਕਿਸ ਤੋਂ ਭੁੱਲਿਆ ਹੈ ?ਤੇ ਹੋਰ ਕਿੰਨੀਆਂ ਜੋ ਲੱਖਾਂ ਅਰਮਾਨਾਂ ਨਾਲ ਪੜ੍ਹਨ ਜਾਂ ਕੰਮ ਲਈ ਗਈਆਂ ਤੇ ਉਹਨਾਂ ਦੀ ਚਿੱਥੀ-ਚਿੱਬੀ ਲਾਸ਼ ਖੇਤਾਂ ਵਿਚੋਂ ਜਾਂ ਸੜਕ-ਕਿਨਾਰਿਉਂ ਲੱਭੀ.. ਕਿਸੇ ਨੂੰ ਸਹੁਰਿਆਂ ਨੇ ਸਾੜ ਦਿੱਤਾ..ਕਿਸੇ ਦੇ ਫੁੱਲ ਵਰਗੇ ਚਿਹਰੇ ਉੱਤੇ ਕੋਈ ਸਿਰ-ਫਿਰਾ ਤੇਜ਼ਾਬ ਪਾ ਗਿਆ.. ਤੇ ਉਹ ਇਨਸਾਫ ਲਈ ਦਰ-ਬਦਰ ਭਟਕਦੀਆਂ ਨੇ।ਰੋਜ਼ ਹੀ ਤਾਂ ਅਖਬਾਰਾਂ ਦੀ ਹਿੱਕ ਇਹਨਾਂ ਖਬਰਾਂ ਨਾਲ ਲਹੂ-ਲੁਹਾਣ ਹੋਈ ਹੁੰਦੀ ਹੈ।
ਇਹੋ ਜਿਹੇ ਹੀ ਕਾਰਨ ਨੇ ਜਿਹਨਾਂ ਕਰਕੇ ਮਾਵਾਂ ਆਪਣੀਆਂ ਧੀਆਂ ਨੂੰ ਕੁੱਖਾਂ ਵਿੱਚ ਮਾਰਨ ਜਾਂ ਕਿਤੇ ਝਾੜੀਆਂ ਜਾਂ ਕੂੜੇਦਾਨ ਵਿੱਚ ਸੁੱਟਣ ਲਈ ਮਜਬੂਰ ਹੋ ਜਾਂਦੀਆਂ ਨੇ।
ਕੁੜੀਆਂ ਦੀ ਘਟ ਰਹੀ ਗਿਣਤੀ ਰੋਜ਼ ਮੀਡੀਆ ਦੀਆਂ ਸੁਰਖੀਆਂ ਬਣਦੀ ਹੈ,ਸਰਕਾਰਾਂ ਤੇ ਸਮਾਜ-ਸੇਵੀ ਸੰਸਥਾਵਾਂ ਇਸਨੂੰ ਸੁਧਾਰਨ ਵਿੱਚ ਜੁਟੀਆਂ ਹੋਈਆਂ ਹਨ।ਪਰ ਜਿੰਨਾ ਚਿਰ ਉਹ ਕਾਰਨ ਦੂਰ ਨਹੀਂ ਹੁੰਦੇ ਜਿਹਨਾਂ ਕਰਕੇ ਲੋਕ ਕੁੜੀਆਂ ਨੂੰ ਮਾਰਦੇ ਹਨ,ੳਨਾ ਚਿਰ ਕੁਝ ਵੀ ਸੰਭਵ ਨਹੀਂ..ਇਹਨਾਂ ਹਾਲਾਤਾਂ ਵਿੱਚ ਮਾਪਿਆਂ ਨੂੰ ਕੁੜੀਆਂ ਦੀ ਕਿੰਨੀ ਕੁ ਲੋੜ ਹੈ, ਹੇਠਲੀਆਂ ਰਿਪੋਰਟਾਂ ਸਾਡੀਆਂ ਅੱਖਾਂ ਤੋਂ ਮੋਤੀਆ ਲਾਹੁਣ ਲਈ ਕਾਫੀ ਹਨ:
ਰਾਜਿੰਦਰਾ ਹਸਪਤਾਲ ਪਟਿਆਲਾ ਦੇ ਛੇ ਮਹੀਨਿਆਂ ਦੇ ਸਰਵੇਖਣ ਅਨੁਸਾਰ ਟੀਕਾਕਰਨ ਲਈ ਹਜ਼ਾਰ ਮੁੰਡਿਆਂ ਪਿੱਛੇ ਸਿਰਫ 585 ਕੁੜੀਆਂ ਹੀ ਲਿਆਂਦੀਆਂ ਗਈਆਂ ਅਤੇ ਇਲਾਜ ਲਈ ਦਾਖਲ ਕੁੜੀਆਂ ਦੀ ਗਿਣਤੀ ਇਕ ਹਜ਼ਾਰ ਮੁੰਡਿਆਂ ਪਿਛੇ 309 ਤੋਂ 317 ਤੱਕ ਹੀ ਸੀਮਿਤ ਰਹੀ ਹੈ ਅਤੇ ਜਿਹੜੀਆਂ ਦਾਖਲ ਕਰਵਾਈਆਂ ਗਈਆਂ ਉਹਨਾਂ ਵਿਚੋਂ ਵੀ 40% ਨੂੰ ਮਾਪੇ ਅੱਧ-ਪਚੱਧੇ ਇਲਾਜ ਤੋਂ ਬਾਅਦ ਹੀ ਘਰ ਲੈ ਗਏ।
Women and Child Development Ministry
Nearly one third of the adolescent girls are undernourished. About 56.2%
women in the reproductive age group 15-49, are anaemic and The female literacy rate is only
53.87%. as reflected in NFHS-3 survey
ਧੀਆਂ ਨੂੰ ਬੂਹਿੳਂ ਉਠਾਲਣ ਲਈ ਕਾਹਲੇ ਪਏ ਮਾਪੇ ਤਾਂ ਨਿਆਣੀ ਉਮਰੇ ਹੀ ਉਹਦਾ ਵਿਆਹ ਰਚਾਉਣੋਂ ਵੀ ਬਾਜ਼ ਨਹੀਂ ਆਏ।ਬੇਸ਼ੱਕ ਇਹ ਗੈਰ-ਕਾਨੂੰਨੀ ਹੈ ,ਪਰ ਭਾਰਤ ਦੇ ਕਿੰਨੇ ਸੂਬੇ ਹਨ ਜਿੱਥੇ ਇਹ ਪੂਰੇ ਜ਼ੋਰ-ਸ਼ੋਰ ਨਾਲ ਹੋ ਰਿਹੈ, ਇਹਨਾਂ ਵਿਚੋਂ ਰਾਜਸਥਾਨ, ਉਤਰ ਪ੍ਰਦੇਸ਼, ਬਿਹਾਰ, ਹਰਿਆਣਾ, ਮਹਾਂਰਾਸ਼ਟਰ ਆਦਿ ਦੇ ਨਾਂ ਉੱਭਰ ਕੇ ਆਉਂਦੇ ਹਨ। ਇਸਦਾ ਖਮਿਆਜ਼ਾ ਉਸ ਬਾਲੜੀ ਨੂੰ ਹੀ ਭੁਗਤਣਾ ਪੈਂਦੈ, ਜਿਸਤੋਂ ਕੱਚੀ ਉਮਰੇ ਹੀ ਗੁਡੀਆਂ-ਪਟੋਲ੍ਹੇ ਖੋਹ ਕੇ ਉਸਦੇ ਨਿੱਕੇ ਜਿਹੇ ਸਿਰ ਉੱਤੇ ਜ਼ਿੰਮੇਵਾਰੀਆਂ ਦੇ ਟੋਕਰੇ ਰੱਖ ਦਿੱਤੇ ਜਾਂਦੇ ਨੇ, ਬਹੁਤੀ ਵਾਰੀ ਤਾਂ ਸਰੀਰ ਪੂਰਾ ਵਿਕਸਿਤ ਨਾ ਹੋਣ ਕਰਕੇ ਜਿਸਮਾਨੀ ਸਬੰਧਾਂ ਕਾਰਨ, ਜਾਂ ਗਰਭ ਧਾਰਨ ਕਰਕੇ ਉਹਦੀ ਮੌਤ ਹੋ ਜਾਂਦੀ ਹੈ......ਨਹੀਂ ਤਾਂ ਬੀਮਾਰੀ ਕਾਰਨ ਹਲਦੀ-ਵਸਾਰ ਹੋਈ ਜੁਆਕੜੀ ਲੱਤਾਂ-ਬਾਹਾਂ ਘੜੀਸਦੀ ਬੱਚੇ ਪਾਲਦੀ ਹੈ। ਜਿੱਥੇ ਕਿਤੇ ਮੁਕਲਾਵਾ ਮੁਟਿਆਰ ਹੋਣ'ਤੇ ਦੇਣਾ ਹੋਵੇ,ਉਥੇ ਵੀ ਵਿਚਾਰੀ ਦੀ ਵਿਪਤਾ.. ਇਸ ਵਕਫੇ ਦੌਰਾਨ ਜੇ ਸੁਹਾਗ ਦਾ ਸਬੰਧ ਮਨੋਂ ਜਾਂ ਤਨੋਂ ਕਿਸੇ ਹੋਰ ਨਾਲ ਜੁੜ ਜਾਵੇ ਤਾਂ ਵੀ, ਜੇ ਉਹ ਰੱਬ ਨੂੰ ਪਿਆਰਾ ਹੋ ਜਾਵੇ ਤਾਂ ਵੀ, ਉਹ ਮਾਸੂਮ ਬਿਨਾਂ ਕਸੂਰੋਂ ਹੀ ਦੋਸ਼ਣ ਸਾਬਤ ਕਰ ਦਿੱਤੀ ਜਾਂਦੀ ਹੈ ਤੇ ਉਮਰ ਭਰ ਸਜ਼ਾ ਭੋਗਦੀ ਹੈ।
ਵਰਲਡ ਹੈਲਥ ਆਰਗੇਨਾਈਜ਼ੇਸ਼ਨ ਵਲੋਂ ਹਿੰਦੁਸਤਾਨ ਵਿੱਚ ਹੁਣੇ ਹੁਣੇ ਕਰਵਾਏ ਸਰਵੇਖਣ ਅਨੁਸਾਰ:45%“45% ਸੁਆਣੀਆਂ ਨੇ ਮੰਨਿਆ ਹੈ ਕਿ ਉਹ 18 ਸਾਲ ਤੋਂ ਪਹਿਲਾਂ ਹੀ ਵਿਆਹ ਦਿੱਤੀਆਂ ਗਈਆਂ ਸਨ
ਇਸ ਬਾਰੇ ਜਾਗ੍ਰਿਤੀ ਲਿਆਉਣ ਲਈ ਬਹੁਤ ਸਾਰੇ ਕੈਂਪ,ਫਿਲਮਾਂ,ਟੀਵੀ ਸੀਰੀਅਲ ਜਿਵੇਂ ਕਿ ' ਬਾਲਿਕਾ ਬਧੂ ' ਆਦਿ ਜਨਤਾ ਨੂੰ ਦਿਖਾਏ ਗਏ, ਪਰ ਉਸਦਾ ਕੋਈ ਉਤਸ਼ਾਹਜਨਕ ਨਤੀਜਾ ਸਾਹਮਣੇ ਨਹੀਂ ਆਇਆ ।
ਸ਼ਪੱਸ਼ਟ ਹੈ ਕਿ ਨਾਰੀ ਲਈ ਇਨਸਾਫ ਦੇ ਹਰਫ ਲਿਖੇ ਜ਼ਰੂਰ ਗਏ ਨੇ,ਪਰ ਉਹਦੀ ਪਹੁੰਚ ਤੋਂ ਕੋਹਾਂ ਦੂਰ ਨੇ।ਉਹ ਜਦੋਜਹਿਦ ਦੇ ਤਪਦੇ ਮਾਰੂਥਲਾਂ ਵਿੱਚੋਂ ਗੁਜ਼ਰ ਰਹੀ ਹੈ, ਬੇਹਤਰ ਵਿਦਿਆ. .ਬੇਹਤਰ ਇਲਾਜ. . ਬੇਹਤਰ ਜੀਵਨ ਲਈ, ਬਰਾਬਰੀ ਦੇ ਅਧਿਕਾਰਾਂ ਲਈ।ਕਾਨੂੰਨ ਨੇ ਜੇ ਧੀ ਨੂੰ ਮਾਪਿਆਂ ਦੀ ਜਾਇਦਾਦ ਵਿਚੋਂ ਬਰਾਬਰ ਹਿੱਸੇ ਦਾ ਅਧਿਕਾਰ ਦਿੱਤੈ ਤਾਂ ਉਹ ਕਿੱਥੇ ਮਿਲਦੈ ਉਹਨੂੰ? ਭਰਾ, ਦੂਜੇ ਭਰਾ ਨਾਲ ਜਾਂ ਜਿੰਨੇ ਵੀ ਭਰਾ ਹੋਣ ਆਪਸ ਵਿੱਚ ਹਿੱਸਾ ਵੰਡਣ ਵਿੱਚ ਲਈ ਤਿਆਰ ਹੁੰਦੇ ਨੇ ,ਪਰ ਭੈਣ ਨੂੰ ਖੁਸ਼ੀ ਖੁਸ਼ੀ ਹਿੱਸਾ ਦੇਣਾ..ਕਿਸੇ ਪਰੀ-ਕਥਾ ਵਰਗੀ ਗੱਲ ਹੈ..ਚਾਹੇ ਭਰਾ ਨੇ ਆਪਣੀ ਇਕਲੌਤੀ ਭੈਣ ਨਾਲ ਹੀ ਜਾਇਦਾਦ ਵੰਡਣੀ ਹੋਵੇ।ਭੈਣ ਨੇ ਤਾਂ ਕਚਹਿਰੀ ਵਿੱਚ ਆਪਣੇ ਭਰਾਵਾਂ ਲਈ ਜਾਇਦਾਦ ਛੱਡਣ ਦਾ ਹੀ ਬਿਆਨ ਦੇਣਾ ਹੁੰਦੈ, ਤੇ ਇਹ ਵੀ ਕਹਿਣਾ ਹੁੰਦੈ ਕਿ ਉਹ ਇਹ ਸਭ ਆਪਣੀ ਖੁਸ਼ੀ ਨਾਲ ਕਰ ਰਹੀ ਹੈ।ਮੈਂ ਅਜੇਹੀਆਂ ਕਈ ਕੁੜੀਆਂ ਨੂੰ ਜਾਣਦੀ ਹਾਂ ਜਿਹੜੀਆਂ ਆਪਣੇ ਮਾਂ-ਬਾਪ ਦੇ ਮਕਾਨ ਦੀ ਉਪਰਲੀ ਮੰਜ਼ਿਲ ਵਿੱਚ ਰਹਿ ਰਹੀਆਂ ਨੇ ਤੇ ਭਰਾ ਨੂੰ ਉਹਦਾ ਕਿਰਾਇਆ ਦਿੰਦੀਆਂ ਨੇ।ਜੇ ਕੋਈ ਕੁੜੀ ਇੰਜ ਨਾ ਕਰੇ ਤਾਂ ਭਰਾ-ਭਾਬੀਆਂ , ਭਤੀਜੇ ਭਤੀਜੀਆਂ, ਸਭ ਛੁੱਟ ਜਾਣਾ ਹੈ ਉਹਦੇ ਕੋਲੋਂ....ਉਹਦੇ ਵਿਚਾਰੀ ਦੇ ਤਾਂ ਪੇਕੇ ਹੀ ਖਤਮ ਹੋ ਜਾਣੇ ਨੇ..ਤੇ ਉਹ, ਜਿਹੜੀ ਹਮੇਸ਼ਾ ਆਪਣੇ ਅੰਮੀ-ਜਾਇਆਂ ਦੇ ਸਾਹ ਵਿੱਚ ਸਾਹ ਲੈਂਦੀ ਹੈ, ਉਹਨਾਂ ਨੂੰ ਗੁਆ ਦੇਣ ਬਾਰੇ ਤਾਂ ਕਦੀ ਚਿਤਵ ਹੀ ਨਹੀਂ ਸਕਦੀ।ਫਿਰ ਕੀ ਮਹੱਤਤਾ ਰਹਿ ਜਾਂਦੀ ਹੈ ਇਸ ਅਧਿਕਾਰ ਦੀ, ਜੇ ਭਰਾਵਾਂ ਦੀ ਸੋਚ ਹੀ ਭੈਣ ਨੂੰ,ਭਰਾ ਦੇ ਬਰਾਬਰ ਨਹੀਂ ਮਿੱਥਦੀ........ਤੇ ਜਿਸਨੂੰ ਪੇਕਿਆਂ ਵਿੱਚ ਬਰਾਬਰੀ ਨਹੀਂ ਮਿਲੀ, ਉਹਨੂੰ ਸਹੁਰਿਆਂ ਵਿੱਚ ਕਿੱਥੋਂ ਮਿਲੇਗੀ? ਸਮਾਜ ਵਿੱਚ ਕਿੱਥੋਂ ਮਿਲੇਗੀ ?ਦੇਸ਼ ਵਿੱਚ ਕਿੱਥੋਂ ਮਿਲੇਗੀ? 50% ਤਾਂ ਦੂਰ ਦੀ ਗੱਲ ਹੈ ,ਉਹ ਤਾਂ 33% ਦੇ ਹੱਕ ਲਈ ਵੀ ਜੂਝ ਰਹੀਆਂ ਨੇ,ਆਪਸ ਵਿੱਚ ਜੁੰਡੋ-ਜੁੰਡੀ ਹੁੰਦੇ ਮਰਦ ਇਸ ਮੁੱਦੇ'ਤੇ ਘਿਓ-ਖਿਚੜੀ ਹੋ ਜਾਂਦੇ ਨੇ।
ਇਹ ਦੇਖ ਕੇ ਕਾਲਜੇ ਨੂੰ ਧਾਫੜਾ ਜ਼ਰੂਰ ਮਿਲਦੈ ਕਿ ਔਰਤਾਂ ਮੰਤਰੀ, ਐਮ.ਪੀ, ਐਮ.ਐਲ.ਏ,ਮੇਅਰ , ਮਿਊਂਸੀਪਲ ਕੌਂਸਲਰ,ਸਰਪੰਚ-ਪੰਚ ਸਭ ਕੁਝ ਹਨ, ਤੇ ਉਹਨਾਂ ਵਿਚੋਂ ਕਈ ਬੜੀਆਂ ਦਬੰਗ ਵੀ ਹਨ ਅਤੇ ਆਪਣੀ ਸੋਚ ਅਨੁਸਾਰ ਚੱਲਦੀਆਂ ਹਨ , ਪਰ ਬਹੁਤੀਆਂ ਨੂੰ ਆਪਣੇ ਪਤੀਆਂ ਜਾਂ ਹੋਰ ਰਿਸ਼ਤੇਦਾਰਾਂ ਦੀਆਂ ਕਠਪੁਤਲੀਆਂ ਬਣ ਕੇ ਹੀ ਵਿਚਰਨਾ ਪੈਂਦੈ।ਪਿੰਡਾਂ ਵਿੱਚ ਤਾਂ ਇਹ ਪੰਦਰਾਂ ਆਨੇ ਸੱਚ ਹੈ,ਇਹ ਸੁਆਣੀਆਂ ਬੱਸ ਨਾਂ ਦੀਆਂ ਹੀ ਸਰਪੰਚ ਹੁੰਦੀਆਂ ਨੇ,ਜਿੱਥੇ ਘਰਵਾਲਾ ਕਹੇ ਉਥੇ ਹੀ ਹਸਤਾਖਰ ਕਰਨੇ ਹੁੰਦੇ ਨੇ। .....ਬਹੁਤੀ ਵਾਰੀ ਤਾਂ ਪੰਚਾਇਤ ਵਿੱਚ ਜਾਂ ਕਿਸੇ ਮੀਟਿੰਗ ਵਿੱਚ ਵੀ ਪਤੀਦੇਵ ਹੀ ਪਹੁੰਚਦੇ ਨੇ, ਤੇ ਸਰਪੰਚ ਬੀਬੀ ਘਰ ਬੈਠੀ ਰੋਟੀਆਂ ਥੱਪ ਰਹੀ ਹੁੰਦੀ ਹੈ।ਇਸ ਹਕੀਕਤ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਹਰ 'ਰਾਬੜੀ ਦੇਵੀ' ਨੂੰ ਆਪਣੇ 'ਲਾਲੂ ਪ੍ਰਸਾਦ ਯਾਦਵ' ਦਾ ਹੁਕਮ ਮੰਨਣਾ ਹੀ ਪੈਂਦਾ ਹੈ , ਕੋਈ ਕੋਈ ਹੀ ' 'ਮਾਇਆਵਤੀ ' ਬਣ ਕੇ ਨਿੱਤਰਦੀ ਹੈ।
ਔਰਤ ਦਾ ਸਤਿਕਾਰ ਤਾਂ ਇਹ ਹੈ ਕਿ ਜੇ ਦੋ ਆਦਮੀ ਆਪਸ ਵਿੱਚ ਲੜਦੇ ਨੇ ਤਾਂ ਗਾਲਾਂ ਨਾਲ ਇਕ-ਦੂਜੇ ਦੀ ਮਾਂ,ਭੈਣ ਜਾਂ ਧੀ ਦਾ ਸਤਭੰਗ ਕਰਦੇ ਨੇ।ਔਰਤ ਦੀ ਸ਼ਾਨ ਤਾਂ ਇਹ ਹੈ ਕਿ ਉਹ ੳਦੋਂ ਤੱਕ ਹੀ ਸਾਊ ਹੈ, ਸਿਆਣੀ ਹੈ, ਘਰ ਦੀ ਸ਼ੋਭਾ ਹੈ, ਜਦੋਂ ਤੱਕ ਉਹ ਧਰਮ ਦੇ,ਸਮਾਜ ਦੇ ਠੇਕੇਦਾਰਾਂ ਦੇ ਵਾਹੇ ਚੌਗਿਰਦੇ ਦੇ ਅੰਦਰ ਰਹਿੰਦੀ ਹੈ। ਉਹ ਮਾੜੀ ਜਿਹੀ ਲਕੀਰ ਵੀ ਟੱਪ ਲਏ ਤਾਂ ਊਜਾਂ ਦੇ ਚਿੱਕੜ ਨਾਲ ਲਬੇੜ ਦਿੱਤੀ ਜਾਂਦੀ ਹੈ ।ਅਸਲ ਗੱਲ ਤਾਂ ਇਹ ਹੈ ਕਿ ਔਰਤ ਮਰਦ ਲਈ ਸੱਭਿਅਕ ਹੋਣ ਦੇ ਮਾਪਦੰਡ ਹੀ ਵੱਖਰੇ ਨੇ, ਜੇ ਔਰਤ ਕਿਸੇ ਮਰਦ ਕੋਲ ਚਲੀ ਜਾਂਦੀ ਹੈ ਤਾਂ ਔਰਤ ਚਰਿਤਰਹੀਨ ਹੈ, ਜੇ ਮਰਦ ਕਿਸੇ ਔਰਤ ਕੋਲ ਚਲਿਆ ਜਾਂਦਾ ਹੈ ਤਾਂ ਵੀ ਔਰਤ ਹੀ ਚਰਿਤਰਹੀਨ ਹੈ ..ਮਰਦ ਤਾਂ ਹਰ ਹਾਲਤ ਵਿੱਚ ਨਾਹਤਾ-ਧੋਤਾ ਘੋੜਾ ਹੈ।ਜੇ ਮਰਦ ਸ਼ਰਾਬ/ਸਿਗਰਟ ਪੀਂਦੈ ਤਾਂ ਇਹ ਉਹਦੀ ਮਰਦਾਨਗੀ ਹੈ, ਜੇ ਔਰਤ ਇਹ ਕੁਝ ਕਰਦੀ ਹੈ ਤਾਂ ਉਹ ਗਿਰੀ ਹੋਈ ਹੈ।ਜੇ ਕਿਸੇ ਕੁੜੀ ਦਾ ਬਲਾਤਕਾਰ ਹੋ ਗਿਆ ਤਾਂ ਵੀ ਕਲੰਕ ਉਸੇ ਵਿਚਾਰੀ ਦੇ ਸਿਰ ਹੈ,ਇੰਜ ਕਰਨ ਵਾਲੇ ਮੁੰਡੇ ਦੇ ਸਿਰ ਤਾਂ ਕੋਈ ਇਲਜ਼ਾਮ ਨਹੀਂ,ਅਖੇ, 'ਮੁੰਡੇ-ਖੁੰਡੇ ਗਲਤੀਆਂ ਕਰਦੇ ਹੀ ਹੁੰਦੇ ਐ '.ਨਾ ਉਹਦੇ ਵਿਆਹ ਵਿੱਚ ਕੋਈ ਰੁਕਾਵਟ ਨਾ ਉਹਦੀ ਇਜ਼ਤ ਨੂੰ ਕੋਈ ਦਾਗ . .ਉਹ ਤਾਂ ਹਮੇਸ਼ਾ ਦੁੱਧ-ਧੋਤਾ ਹੈ।ਚਾਹੀਦਾ ਤਾਂ ਇਹ ਹੈ ਕਿ ਜੋ ਗਲਤ ਹੈ,ਉਹ ਹਰ ਕਿਸੇ ਲਈ ਗਲਤ ਹੋਵੇ..ਮਰਦ ਲਈ ਵੀ..ਔਰਤ ਲਈ ਵੀ..ਪਰ ਮਰਦਾਂ ਨੇ ਆਪਣੀ ਸਹੂਲਤ ਲਈ ਕੁਝ ਨਿਯਮ ਬਣਾ ਲਏ ਨੇ,ਤੇ ਉਤੋਂ ਸਿਤਮ ਇਹ ਕਿ ਹੌਲੀ ਹੌਲੀ ਔਰਤ ਦੇ ਜ਼ੇਹਨ ਵਿੱਚ ਵੀ ਗੱਡ ਦਿੱਤੇ ਨੇ।
ਉਂਝ ਤਾਂ ਵਿਦੇਸ਼ੀ ਔਰਤਾਂ ਦੀ ਸਥਿਤੀ ਵੀ ਬਹੁਤੀ ਚੰਗੀ ਨਹੀਂ,ਉਹਨਾਂ ਉੱਤੇ ਵੀ ਦਬਾਅ ਪੈਂਦੈ, ਉਹਨਾਂ ਨੂੰ ਵੀ ਕੁੱਟਿਆ-ਮਾਰਿਆ ਜਾਂਦੈ , ਪਰ ਫਿਰ ਵੀ ਭਾਰਤ ਨਾਲੋਂ ਸਥਿਤੀ ਬਹੁਤ ਵਧੀਆ ਹੈ,ਉਹ ਲੜਨ-ਜੋਗੀਆਂ, ਖੜ੍ਹਨ-ਜੋਗੀਆਂ ਹੋ ਗਈਆਂ ਨੇ, ਬਹੁਤ ਸਾਰੇ ਅਦਾਰੇ ਉਹਨਾਂ ਦੀ ਮੱਦਦ'ਤੇ ਆ ਗਏ ਨੇ,ਕਾਨੂੰਨ ਵੀ ਲਾਗੂ ਕੀਤੇ ਜਾਂਦੇ ਨੇ,ਪਰ ਉਹਨਾਂ ਦੇ ਮੁਕਾਬਲੇ ਭਾਰਤ ਵਿੱਚ ਨਾਰੀ ਦੀ ਹਾਲਤ ਬਹੁਤ ਨਿਘਾਰ ਵਿੱਚ ਹੈ, ਗਰੀਬੀ ਤੇ ਅਨਪੜ੍ਹਤਾ ਉਹਦੀਆਂ ਵੈਰਨਾਂ ਬਣੀਆਂ ਹੋਈਆਂ ਨੇ।ਉਹਦੀ ਸਹਾਇਤਾ ਲਈ ਅਦਾਰੇ ਏਥੇ ਵੀ ਹਨ,ਪਰ ਕੋਈ ਨਾ ਕੋਈ 'ਪਹੁੰਚ' ਉਹਨਾਂ ਦੀ ਕਾਰਜਸ਼ੀਲਤਾ ਨੂੰ ਹੱਥਕੜੀਆਂ ਲਾ ਦਿੰਦੀ ਹੈ ।
ਵਰ੍ਹੇ ਦੇ 364 ਦਿਨ ਮਰਦ ਦੇ ਹੁੰਦੇ ਹਨ ਤੇ ਇਕ ਦਿਨ ਔਰਤ ਦਾ,' ਮਹਿਲਾ ਦਿਵਸ '.... ..ਪਰ ਉਹ ਵੀ ਉਸ ਦਾ ਕਦੋਂ ਹੁੰਦਾ ਹੈ? ਉਸ ਦਿਨ ਵੀ ਉਹਦੇ ਨਾਲ ੳਹੀ ਹੁੰਦੀ ਬੀਤਦੀ ਹੈ ਜੋ ਬਾਕੀ ਸਾਰਾ ਵਰ੍ਹਾ।ਪਰ ਫਿਰ ਵੀ ਚੰਗਿਆਈ ਦਾ ਬੀਜ-ਨਾਸ ਨਹੀਂ ਹੋਇਆ, ਮੁਲਕ ਦੇ ਲੋਕ ਚਿੰਤਾਵਾਨ ਹੋ ਗਏ ਹਨ, ਆਪਣੀ-ਆਪਣੀ ਸਮਰੱਥਾ ਅਨੁਸਾਰ ਗਤੀਸ਼ੀਲ ਵੀ ਹੋ ਗਏ ਹਨ।........ ਨਾਰੀ-ਭਲਾਈ ਲਈ ਬਹੁਤ ਸਾਰੀਆਂ ਸੰਸਥਾਵਾਂ ਮਰਦਾਂ ਦੀਆਂ ਹੀ ਬਣਾਈਆਂ ਹੋਈਆਂ ਹਨ, ਤੇ ਕੁਝ ਸੁਹਿਰਦ ਇਨਸਾਨ ਵੀ ਕੁੜੀਆਂ ਨੂੰ ਮੁੰਡਿਆਂ ਵਰਗਾ ਮੋਹ-ਪਿਆਰ,ਅਧਿਕਾਰ ਦਿੰਦੇ ਨੇ,ਉਹਨਾਂ ਤੋਂ ਮੁਨਕਰ ਹੋਣਾ ਵੀ ਸੱਚ ਨੂੰ ਗ੍ਰਹਿਣ ਲਾਉਣਾ ਹੈ..ਪਰ ਉਹ ਹਨ ਕਿੰਨੇ ਕੁ? ਉਂਗਲਾਂ ਤੇ ਗਿਣਨ ਜੋਗੇ..ਉਹਨਾਂ ਦੀ ਗਿਣਤੀ ਵਧੇ..ਬਹੁਤ ਵਧੇ।
ਆਪਣੀ ਜਾਈ ਨੂੰ ਉੱਚ-ਸਿੱਖਿਆ, ਕਿੱਤਾ-ਮੁਖੀ ਸਿੱਖਿਆ ਦਿੱਤੀ ਜਾਵੇ,ਉਸਨੂੰ ਸਵੈ-ਨਿਰਭਰ ਬਣਾਇਆ ਤੇ ਆਰਥਿਕ ਪੱਖੋਂ ਏਨੀ ਮਜ਼ਬੂਤ ਕੀਤਾ ਜਾਵੇ ਕਿ ਉਹ ਲੋੜ ਪੈਣ ਉੱਤੇ ਇਕੱਲੀ ਵੀ ਜ਼ਿੰਦਗੀ ਗੁਜ਼ਾਰ ਸਕੇ....ਇਹ ਨਹੀਂ ਕਿ ਖਿਦੋਂ ਵਾਂਗ ਪੇਕੇ ਸਹੁਰਿਆਂ ਵੱਲ ਧੱਕ ਦੇਣ ਤੇ ਸਹੁਰੇ ਪੇਕਿਆਂ ਵੱਲ ਜਾਂ ਫਿਰ ਮੌਤ ਦੇ ਖੂਹ ਵੱਲ। ਧੀਆਂ ਨੂੰ ਸੁਖੀ ਗ੍ਰਹਿਸਤ ਦੀ ਸਿੱਖਿਆ ਦੇਣ ਦੇ ਨਾਲ ਨਾਲ ਉਹਨਾਂ ਵਿੱਚ ਐਨਾ ਆਤਮ-ਵਿਸ਼ਵਾਸ਼ ਭਰਿਆ ਜਾਵੇ, ਐਨਾ ਦਲੇਰ ਕੀਤਾ ਜਾਵੇ ਕਿ ਉਹ ਸਹੁਰੇ-ਘਰ ਦੀ ਪਰੰਪਰਾ ਤਾਂ ਤਨਦੇਹੀ ਨਾਲ ਨਿਭਾਉਣ, ਹਰ ਕਿਸੇ ਦਾ ਬਣਦਾ ਆਦਰ-ਸਤਿਕਾਰ ਤਾਂ ਕਰਨ, ਪਰ ਜ਼ਿਆਦਤੀਆਂ ਦੇ ਵਿਰੁੱਧ ਆਵਾਜ਼ ਵੀ ਉਠਾਉਣ ਤੇ ਕਸਾਈਆਂ ਅੱਗੇ ਗਰਦਣ ਝੁਕਾ ਕੇ ਚੁਪ-ਚਾਪ ਹਲਾਲ ਨਾ ਹੋਣ, ਸਗੋਂ ਇਹਨਾਂ ਤਰਾਸਦੀਆਂ ਵਿਚੋਂ ਜੇਤੂਆਂ ਵਾਂਗ ਨਿੱਕਲਣ ।
ਆਓ ਅਸੀਂ ਸਾਰੇ ਇਸ ਧਰਤੀ ਦੀਆਂ ਧੀਆਂ ਨੂੰ ਦੱਸੀਏ :
ਸਿਤਾਰੇ ਅੰਬਰਾਂ ਦੇ ਹੀ , ਰਾਤ ਰੌਸ਼ਨ ਨਹੀਂ ਕਰਦੇ
ਤੂੰ ਹਿੰਮਤ ਕਰ, ਸਿਤਾਰੇ ਚੁੰਨੀ ਦੇ ਵੀ ਜਗਮਗਾ ਜਾਣੇ

No comments:
Post a Comment