ਕੀ ਆਜ਼ਾਦੀ ਸਿਰਫ ਗੁੰਡਾਗਰਦੀ ਦਾ ਹੀ ਦੂਜਾ ਨਾਮ ਹੈ?
ਨਹੀਂ ਭੁੱਲੇਗਾ ਤਾਂ ਉਹਨਾਂ ਨੂੰ ਜਿਹਨਾਂ ਦੀ ਧੀ-ਭੈਣ ਨਾਲ ਇਹ ਹੋਇਆ-ਬੀਤਿਆ, ਨਹੀਂ ਭੁੱਲੇਗਾ ਤਾਂ ਉਹਨਾਂ ਕੁੜੀਆਂ ਨੂੰ ਜਿਹਨਾਂ ਨੇ ਇਹ ਜਬਰ-ਜ਼ੁਲਮ ਆਪਣੇ ਪਿੰਡਿਆਂ 'ਤੇ ਹੰਢਾਇਆ।ਤੇ ਇਹ ਨਹੀਂ ਭੁੱਲਣਾ ਚਾਹੀਦਾ ਉਹਨਾਂ ਨੂੰ,ਜਿਹਨਾਂ ਦੀਆਂ ਧੀਆਂ ਭੈਣਾਂ ਨਾਲ ਅਜੇ ਤੱਕ ਇਹ ਸਭ ਨਹੀਂ ਹੋਇਆ। ਇਹ ਸਭ ਬਿਲਕੁਲ ਨਹੀਂ ਭੁੱਲਣਾ ਚਾਹੀਦਾ ਉਹਨਾਂ ਨੂੰ ਜਿਹਨਾਂ ਦੀਆਂ ਬੇਟੀਆਂ ਅਜੇ ਘਰਾਂ ਦੀ ਸੁਰੱਖਿਅਤ ਚਾਰਦੀਵਾਰੀ ਵਿੱਚ ਨਿੱਕੇ-ਨਿੱਕੇ ਪੱਬਾਂ ਨਾਲ ਖੇਡ-ਮੱਲ ਰਹੀਆਂ ਨੇ ਜਾਂ ਜਿਹਨਾਂ ਦੀਆਂ ਧੀਆਂ ਅਜੇ ਇਸ ਜੱਗ 'ਤੇ ਆਉਣੀਆਂ ਨੇ। ਦਿੱਲੀ ਵਾਲੀ ਧੀ ਨੇ ਸਾਡੀ ਅਣਖ ਨੂੰ ਵੰਗਾਰਿਆ ਹੈ,ਸਾਡੀ ਜ਼ਮੀਰ ਨੂੰ ਝੰਜੋੜਿਆ ਹੈ। ਹੁਣ ਇਹ ਸਾਡੇ ਹਿੱਸੇ ਆਉਂਦਾ ਹੈ ਕਿ ਅਸੀਂ ਇਸ ਦਰਦਨਾਕ ਹਾਦਸੇ ਨੂੰ ਆਪਣੇ ਮਨਾਂ ਦੀ ਤਖਤੀ ਉੱਤੇ ਗੂੜ੍ਹਾ-ਗੂੜ੍ਹਾ ਲਿਖ ਲਈਏ ਤੇ ਇਹੋ ਜਿਹੇ ਦੈਂਤਾਂ ਦੇ ਖਿਲਾਫ ਇੱਕ ਮਜ਼ਬੂਤ ਦੀਵਾਰ ਵਾਂਗ ਖੜ੍ਹੇ ਹੋ ਜਾਈਏ। ਪੁਲੀਸ ਨੂੰ,ਪ੍ਰਸ਼ਾਸਨ ਨੂੰ,ਸਰਕਾਰ ਨੂੰ ਸਵਾਲ ਕਰਨਾ ਤੇ ਨਿਆਂ ਲੈਣ ਲਈ ਚਾਰਾਜੋਈ ਕਰਨਾ ਸਾਡਾ ਹੱਕ ਹੈ,ਪਰ ਇਸਦੇ ਨਾਲ-ਨਾਲ ਸਾਡਾ ਫਰਜ਼ ਹੈ ਆਪਣੇ ਬੱਚਿਆਂ ਦੇ ਪਾਲਣ-ਪੋਸਣ ਵਿੱਚ ਸਾਵਧਾਨ ਹੋਣ ਦਾ, ਰੁਝੇਂਵਿਆਂ ਵਿੱਚੋਂ ਸਮਾਂ ਕੱਢ ਕੇ ਉਹਨਾਂ ਨੂੰ ਜੀਵਨ-ਜਾਚ ਸਿਖਾਉਣ ਦਾ,ਆਪਣੇ ਪੁੱਤਰਾਂ ਨੂੰ ਸਹੀ ਸੰਸਕਾਰ ਦੇਣ ਦਾ,ਉਹਨਾਂ ਨੂੰ ਔਰਤਾਂ ਦੀ ਇੱਜ਼ਤ ਕਰਨੀ ਸਿਖਾਉਣ ਦਾ,ਉਹਨਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਦਾ ਤੇ ਉਸ ਤੋਂ ਵੀ ਵੱਧ ਆਪਣੀਆਂ ਬੱਚੀਆਂ ਨੂੰ ਬਲਵਾਨ ਬਣਵਾਉਣ ਦਾ। ਨਾ ਉਹਨਾਂ ਨੂੰ ਅਬਲਾ ਆਖੀਏ ਤੇ ਨਾ ਅਬਲਾ ਸਮਝੀਏ। ਜਿੱਥੇ ਧੀ ਨੂੰ ਚੁੱਲ੍ਹਾ-ਚੌਂਕਾ,ਸੀਣ-ਪਿਰੋਣ ਸਿਖਾਉਣਾ ਜ਼ਰੂਰੀ ਸਮਝਿਆ ਜਾਂਦੈ,ਉਸ ਤੋਂ ਵੀ ਜ਼ਰੂਰੀ ਸਮਝਿਆ ਜਾਵੇ ਉਹਨੂੰ ਆਪਣੀ ਸੁਰੱਖਿਆ ਕਰਨ ਦਾ ਵਲ ਸਿਖਾਉਣਾ। ਇਹੀ ਵੇਲਾ ਹੈ ਕਿ ਆਪਣੀਆਂ ਲਾਡਲੀਆਂ ਨੂੰ 'ਮਾਈ ਭਾਗੋ' ਬਣਾਈਏ। ਤੁਰੀਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਿਖਾਏ ਰੌਸ਼ਨ-ਰਾਹ 'ਤੇ,ਜਿਹਨਾਂ ਨੇ ਚਿੜੀਆਂ ਨੂੰ ਬਾਜ਼ ਬਣਾ ਦਿੱਤਾ ਸੀ।ਚੱਲੀਏ ਮਾਂ-ਦੁਰਗਾ ਦੀਆਂ ਪੈੜਾਂ 'ਤੇ ਜਿਸ ਨੇ ਰਾਖਸ਼ਾਂ ਨਾਲ ਲੋਹਾ ਲੈ ਕੇ ਉਹਨਾਂ ਦਾ ਅੰਤ ਕਰ ਦਿੱਤਾ ਸੀ। ਆਪਣੀ ਬੱਚੀ ਨੂੰ ਸਿਰਫ ਰਾਣੀ ਝਾਂਸੀ ਦੀ ਕਹਾਣੀ ਨਾ ਸੁਣਾਈਏ,ਉਹਨੂੰ ਰਾਣੀ ਝਾਂਸੀ ਬਣਾਉਣ ਦਾ ਉਪਰਾਲਾ ਕਰੀਏ। ਉਹਦੇ ਹੱਥਾਂ ਨੂੰ ਹਥਿਆਰ ਬਣਾਈਏ ਅੱਜ ਹੀ,ਹੁਣੇ ਹੀ ਲੱਭੀਏ ਕੋਈ ਅਜੇਹਾ ਸਕੂਲ, ਕੋਈ ਅਜੇਹੀ ਸੰਸਥਾ ਜਿੱਥੇ ਮਾਰਸ਼ਲ ਆਰਟ ਸਿਖਾਏ ਜਾਂਦੇ ਹੋਣ।ਸੁੰਦਰਤਾ-ਮੁਕਾਬਲਿਆਂ ਦੀ ਥਾਂ ਬੀਰਤਾ ਦੇ ,ਆਤਮ-ਸੁਰੱਖਿਆ ਦੇ ਮੁਕਾਬਲੇ ਕਰਾਏ ਜਾਣ। ਜਿਸ ਤਰ੍ਹਾਂ ਗੁੰਡਿਆਂ ਦੇ ਵੱਗ ਫਿਰ ਰਹੇ ਨੇ, ਉਹਨੂੰ ਦੇਖ ਕੇ ਤਾਂ ਜਾਪਦੈ ਕਿ ਹਰ ਕੁੜੀ ਕੋਲ ਮੋਬਾਈਲ ਜਾਂ ਪਰਸ ਹੋਵੇ ਨਾ ਹੋਵੇ, ਆਪਣੀ ਸੁਰੱਖਿਆ ਲਈ ਹਥਿਆਰ ਜ਼ਰੂਰ ਹੋਣਾ ਚਾਹੀਦੈ,ਜਿਸ ਦੀ ਕਾਨੂੰਨ ਆਗਿਆ ਦਿੰਦਾ ਹੋਵੇ,ਜਿਸ ਨੂੰ ਚਲਾਉਣ ਦੀ ਉਸ ਕੋਲ ਜਾਚ ਹੋਵੇ,ਦਲੇਰੀ ਹੋਵੇ।
ਤੇ ਇਹ ਵੀ ਕਿ ਵੱਧ ਤੋਂ ਵੱਧ ਬੱਚੀਆਂ ਨੂੰ ਜਨਮ ਦਿੱਤਾ ਜਾਵੇ,ਜਦੋਂ ਬੱਸ ਵਿੱਚ,ਦਫਤਰ ਵਿੱਚ,ਸਕੂਲ ਵਿੱਚ,ਬਜ਼ਾਰ ਵਿੱਚ ਜਾਂ ਹੋਰ ਵੀ ਕਿਸੇ ਥਾਂ 'ਤੇ ਉਹ ਮੁੰਡਿਆਂ ਦੇ ਬਰਾਬਰ ਦੀ ਗਿਣਤੀ ਵਿੱਚ ਵਿੱਚਰ ਰਹੀਆਂ ਹੋਣਗੀਆਂ ਤਾਂ ਅਗਲੇ ਦਾ ਹੌਸਲਾ ਹੀ ਨਹੀਂ ਪਵੇਗਾ ਕੁਕਰਮ ਕਰਨ ਦਾ।
ਤੇ ਇੱਕ ਹੋਰ ਅਹਿਮ ਗੱਲ, ਜਦੋਂ ਵੀ ਕਿਤੇ ਕਿਸੇ ਕੁੜੀ ਨਾਲ ਕੋਈ ਛੇੜਖਾਨੀ ਜਾਂ ਵਧੀਕੀ ਹੁੰਦੀ ਦੇਖੀਏ ਤਾਂ ਮੂਕ-ਦਰਸ਼ਕ ਨਾ ਬਣੀਏ,ਉਸ ਨੂੰ ਰੋਕਣ ਲਈ ਜੋ ਵੀ ਕਰ ਸਕਦੇ ਹੋਈਏ ਕਰੀਏ,ਚਾਹੇ ਸ਼ੋਰ ਮਚਾ ਕੇ ਲੋਕ ਇਕੱਠੇ ਕਰੀਏ,ਚਾਹੇ ਹੱਥੋ-ਪਾਈ ਕਰਕੇ ਰੋਕੀਏ,ਸਹਾਇਤਾ ਲਈ ਫੋਨ ਕਰੀਏ, ਜੋ ਵੀ ਮੌਕੇ ਮੁਤਾਬਿਕ ਸਹੀ ਹੋਵੇ ਕਰੀਏ ਤੇ ਜੇ ਕਿਤੇ ਆਸਿਉਂ-ਪਾਸਿਉਂ ਇਹੋ ਜਿਹੇ ਵਰਤਾਰੇ ਦੀ ਸੂਹ ਮਿਲੇ ਤਾਂ ਵੀ ਫੋਰਨ ਪੁਲੀਸ ਨੂੰ ਸੂਚਿਤ ਕਰੀਏ। ਡਰ ਦਾ ਗਿਲਾਫ ਲਾਹ ਕੇ ਹੀ ਅਸੀਂ ਆਪਣੀਆਂ ਬੱਚੀਆਂ ਦਾ ਭਵਿੱਖ ਜਿਉਣ-ਜੋਗਾ ਕਰ ਸਕਦੇ ਹਾਂ।ਸਾਨੂੰ ਹੁਣ ਜਾਗਣਾ ਪਏਗਾ, ਜਾਗਦੇ ਰਹਿਣਾ ਪਏਗਾ,ਗਤੀਸ਼ੀਲ ਹੋਣਾ ਪਏਗਾ..ਆਪਣੀਆਂ ਲਾਡਲੀਆਂ ਲਈ..ਤਹੱਈਆ ਕਰਨਾ ਪਏਗਾ ਕਿ ਹੁਣ ਕੋਈ ਮੰਦਭਾਗੀ ਘਟਨਾ ਵਾਪਰਨ ਤੋਂ ਬਾਅਦ ਅੱਥਰੂ ਨਹੀਂ ਕੇਰਨੇ,ਵਾਪਰਨ ਤੋਂ ਪਹਿਲਾਂ ਹੀ ਦਰਿੰਦਿਆਂ ਦੇ ਹੱਥ-ਪੈਰ ਤੋੜ ਦੇਣੇ ਨੇ।

very powerful article..keep it up
ReplyDeleteਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀ ਹਾਂ ਰਸ਼ਮੀ ਜੀਓ
ReplyDelete