' ਹਈ ਸ਼ਾਵਾ..ਉਪੜ'ਗੇ ? ਬੱਲੇ ਬੱਲੇ!..ਆਹ ਤਾਂ ਸੁਆਦ ਆ ਗਿਆ ਬਈ '
ਗੋਰੇ ਅਤੇ ਕਾਲੇ ਮੁੜ ਮੁੜ ਕੇ ਦੇਖਦੇ, ਕੋਈ ਕੋਈ ਮੁਸਕਾਂਦਾ ਵੀ।
ਅੱਧਿਉਂ ਵੱਧ ਕਮਰੇ ਇਹਨਾਂ ਰੱਜੇ-ਪੁੱਜੇ ਪੰਜਾਬੀਆਂ ਨੇ ਮੱਲੇ ਹੋਏ ਸਨ।ਸਵੇਰੇ ਤਿਆਰ ਹੋ ਕੇ ਅਸੀਂ ਕਮਰੇ ਵਿੱਚੋਂ ਬਾਹਰ ਨਿੱਕਲਣ ਹੀ ਲੱਗੇ ਸਾਂ ਕਿ ਮੇਰੀ ਸਹੇਲੀ ਤੇ ਉਹਦਾ ਪਤੀ ਆ ਗਏ। ਸਾਡਾ ਕੈਨੇਡਾ ਜਾਣ ਦਾ ਖਰਚਾ ਅਤੇ ਪ੍ਰਬੰਧ ਇਹਨਾਂ ਨੇ ਹੀ ਕੀਤਾ ਸੀ।
' ਆਹ ਰੂਮ ਨੂੰ ਕੀ ਕੀਤਾ ਹੋਇਐ ?" '
ਅੰਦਰ ਵੜਦਿਆਂ ਹੀ ਭੂਪਿੰਦਰ ਬੋਲੀ।
' ਕਿਉਂ? ਕੀ ਹੋ ਗਿਆ..? ' ਮੈਂ ਘਬਰਾ ਗਈ।
' ਐਨਾ ਸੁਆਰਿਆ ਪਿਐ..' ਬੈਡ ਉੱਤੇ ਵਟ ਕੱਢ ਕੇ ਵਿਛਾਈ ਚਾਦਰ ਨੂੰ ਉਸ ਗੁੱਛਾ-ਮੁੱਛਾ ਕਰ ਦਿੱਤਾ।
' ਅਸੀਂ ਤਾਂ ਹਮੇਸ਼ਾ ਏਦਾਂ ਈ ਕਰਦੇ ਆਂ ਕਮਰਾ ਛੱਡਣ ਵੇਲੇ. ਅਗਲਾ ਕੀ ਆਖੂ? ਕਿਵੇਂ ਗਾਹ ਪਾਇਆ ਪਿਐ!'
' ਇਹ ਸਭ ਠੀਕ ਕਰਨ ਦੇ ਰੋਕੜੇ ਦਿੱਤੇ ਐ ਇਹਨਾਂ ਨੂੰ '
ਗੁਸਲਖਾਨੇ ਵਿੱਚ ਹੈਂਗਰ 'ਤੇ ਟੰਗੇ ਹੋਏ ਤੌਲੀਏ ਫਰਸ਼ ਉੱਤੇ ਸੁੱਟਦਾ ਦਰਸ਼ਨ ਬੋਲਿਆ।
ਭੂਪਿੰਦਰ ਨੇ ਡਰੈਸਿੰਗ-ਟੇਬਲ 'ਤੇ ਸੰਵਾਰ ਕੇ ਰੱਖੀਆਂ ਚੀਜ਼ਾਂ ਖਿਲਾਰ ਜਿਹੀਆਂ ਦਿੱਤੀਆਂ। ਹੈਰਾਨ-ਪਰੇਸ਼ਾਨ ਅਸੀਂ ਦੋਵੇਂ ਉਹਨਾਂ ਨਾਲ ਤਿੰਨ ਮੰਜ਼ਿਲਾਂ ਹੇਠਾਂ
ਸੈਮੀਨਾਰ-ਹਾਲ ਵਿੱਚ ਪਹੁੰਚ ਗਏ। ਮਾਈਕ ਤੋਂ ਆਉਣ ਵਾਲਿਆਂ ਦਾ ਸਵਾਗਤ ਕੀਤਾ ਜਾ ਰਿਹਾ ਸੀ।ਹਰ ਸਾਲ ਵੱਖ ਵੱਖ ਦੇਸ਼ਾਂ ਵਿੱਚ ਵਸੇ ਮੈਡੀਕੋਜ਼ ਨੂੰ ਸੱਦਾ ਪੱਤਰ ਭੇਜੇ ਜਾਂਦੇ ਹਨ।
ਇਸ ਵਾਰ ਭਾਰਤ ਤੋਂ ਅਸੀਂ ਤਿੰਨ ਸਾਂ।ਸਾਡਾ ਨਾਂ ਬੋਲਿਆ ਗਿਆ,ਅਸੀਂ ਖੜ੍ਹੇ ਹੋਏ ਤਾਂ ਭਰਵੀਂਆਂ ਤਾੜੀਆਂ ਨੇ ਸਾਨੂੰ 'ਜੀਅ-ਆਇਆਂ' ਆਖਿਆ, ਦੂਰ ਦੂਰ ਬੈਠੀਆਂ ਮੇਰੀਆਂ ਜਮਾਤਣਾਂ ਸੀਟਾਂ ਤੋਂ ਉੱਠ ਕੇ ਮੇਰੇ ਵੱਲ ਹੱਥ ਹਿਲਾਉਣ ਲੱਗੀਆਂ।ਸਵਾਗਤੀ ਭਾਸ਼ਨ ਚਿਰਾਂ ਦੀਆਂ ਨੱਪੀਆਂ-ਘੁਟੀਆਂ ਰੀਝਾਂ ਦੇ ਪਰ ਖੋਲ੍ਹ ਰਹੇ ਸਨ।
ਬਾਹਰ ਨਿੱਕਲੇ ਤਾਂ ਇੱਕ ਕੋਨੇ ਵਿੱਚ ਪੰਜਾਬੀ ਬਜ਼ਾਰ ਸਿਰਜਿਆ ਪਿਆ ਸੀ, ਫੁਲਕਾਰੀਆਂ,ਕਢਾਈ ਵਾਲੇ ਸੂਟ, ਰੰਗ-ਬਿਰੰਗੀਆਂ ਵੰਗਾਂ, ਪਟਿਆਲਵੀ ਜੁੱਤੀਆਂ , ਰੇਸ਼ਮੀ ਨਾਲੇ ਤੇ ਹੋਰ ਲਟਰਮ-ਪਟਰਮ ਤੇ ਕੀਮਤ ਐਨੀ ਕਿ ਸੁਣੋ ਤਾਂ ਕੰਨ ਕੰਬਣ ਲੱਗ ਜਾਣ, ਪਰ ਉਹ ਡਾਲਰਾਂ ਦੀਆਂ ਸ਼ਹਿਜ਼ਾਦੀਆਂ ਤਾਂ ਸਭ ਕੁਝ ਚਾਈਂ ਚਾਈਂ ਖਰੀਦ ਰਹੀਆਂ ਸਨ।
ਅਗਲੇ ਹਾਲ ਵਿੱਚ ਦੁਪਹਿਰ ਦਾ ਖਾਣਾ ਸੀ । ਗੋਲ-ਮੇਜ਼ਾਂ ਦਵਾਲੇ ਚਿੱਟੀਆਂ ਦੁੱਧ ਕੁਰਸੀਆਂ,ਸਾਰੇ ਆਪੋ ਆਪਣੇ ਜੋਟੀਦਾਰਾਂ ਨਾਲ ਬਹਿ ਗਏ। ਦੂਰ ਬੈਠੇ ਆੜੀਆਂ ਨੂੰ ਵਾਜਾਂ ਮਾਰੀਆਂ ਜਾਣ ਲੱਗੀਆਂ, ਕੁਰਸੀਆਂ ਘੜੀਸੀਆਂ ਜਾਣ ਲੱਗੀਆਂ । ਇੱਕ ਮੇਮ ਆਈ ਤੇ ਸਾਡੇ ਸਾਹਮਣੇ ਲਿਸ਼ ਲਿਸ਼ ਕਰਦੀਆਂ ਪਲੇਟਾਂ, ਚਮਚੇ, ਕਾਂਟੇ ਧਰ ਗਈ। ਦੋ ਗੋਰੇ ਆਏ ਤੇ ਪਕਵਾਨਾਂ ਦੇ ਡੋਂਗੇ ਸਜਾਉਣ ਲੱਗੇ, ਪੰਜਾਬ ਦੀਆਂ
ਸਾਰੀਆਂ ਨਿਆਮਤਾਂ ਹਾਜ਼ਿਰ ਸਨ, ਸਾਗ ਤੇ ਮੱਕੀ ਦੀ ਰੋਟੀ ਵੀ, ਅੰਬ ਦਾ ਅਚਾਰ ਵੀ।ਮੈਂ ਦਾਲ-ਮੱਖਣੀ ਪਾਉਣ ਲਈ ਕੜਛੀ ਚੁੱਕੀ ਹੀ ਸੀ ਕਿ ਏਥੇ ਹੀ ਮਿਲੀ ਇੱਕ ਸਖੀ ਨੇ ਮੇਰੀ ਬਾਂਹ ਫੜ ਲਈ,
' ਲੈਟ ਹਿਮ ਸਰਵ ' ਗੋਰਾ ਬੜੇ ਸਲੀਕੇ ਨਾਲ ਵਰਤਾਉਣ ਲੱਗਿਆ।
' ਥੈਂਕਸ ..'ਮੇਰੀ ਸਖੀ ਨੇ ਉਸ ਵੱਲ ਖਚਰੀ ਜਿਹੀ ਮੁਸਕਾਨ ਸੁੱਟੀ,ਫਿਰ ਬੋਲੀ, 'ਇੱਕ ਜ਼ਮਾਨਾ ਸੀ ਜਦੋਂ ਇਹਨਾਂ ਨੇ ਸਾਨੂੰ ਇਸੇ ਜਗਾਹ ਪੰਜਾਬੀ ਖਾਣਾ ਸਰਵ ਹੀ ਨਹੀਂ ਕਰਨ ਦਿੱਤਾ ਸੀ, ਅਖੇ ' ਇਟ ਸਮੈਲਜ਼ ਸੋ ਬੈਡਲੀ..' ਸਾਨੂੰ ਬਾਹਰ ਜਾ ਕੇ ਰੋਟੀ ਦਾ ਪ੍ਰਬੰਧ ਕਰਨਾ ਪਿਆ ਸੀ '
' ਹੁਣ ਇਹਨਾਂ ਦੀ ਕਿਚਨ ਵਿੱਚ ਹੀ ਬਣ ਰਿਹੈ ਖਾਣਾ..ਬੜੇ ਸਪੈਸ਼ਲ ਪੰਜਾਬੀ ਕੁੱਕ ਆਏ ਨੇ..ਤਿੰਨ ਦਿਨ ਏਹੀ ਕੁਸ਼ ਚੱਲੂਗਾ '
ਉਹਦੇ ਖਾਵੰਦ ਨੇ ਹਿੱਕ ਚੌੜੀ ਜਿਹੀ ਕਰਕੇ ਕੁਰਸੀ ਨਾਲ ਪਿੱਠ ਲਾ ਲਈ।
ਮੈਂ ਉਸ ਅੰਗਰੇਜ਼ ਬਹਿਰੇ ਦੇ ਚਿਹਰੇ ਨੂੰ ਪੜ੍ਹਨ ਦੀ ਕੋਸ਼ਿਸ਼ ਕਰਨ ਲੱਗੀ,
' ਕਦੀ ਇਹਨਾਂ ਲੋਕਾਂ ਨੇ ਸਾਡੇ ਉੱਤੇ ਰਾਜ ਕੀਤਾ ਸੀ। ਭਲਾ ਇਹ ਬੰਦਾ ਅੰਦਰੇ ਅੰਦਰ ਕੀ ਸੋਚਦਾ ਹੋਣੈ ? '
ਪਰ ਉਹ ਬੜਾ ਸ਼ਾਂਤ-ਚਿੱਤ ਚਿਮਟੀ ਨਾਲ ਪਲੇਟਾਂ ਵਿੱਚ ਤੰਦੂਰੀ ਰੋਟੀਆਂ ਰੱਖ ਰਿਹਾ ਸੀ।ਮੈਂ ਆਲੇ ਦਵਾਲੇ ਟਰੇਆਂ ਚੁੱਕੀ ਭੱਜੇ ਫਿਰਦੇ ਉਹਦੇ ਸਾਥੀ ਮੁੰਡੇ ਕੁੜੀਆਂ ਵੱਲ ਨਜ਼ਰਾਂ ਘੁਮਾਈਆਂ।
' ਅਰੇ ਮੇਮ ਸਾਹਬ! ਕਿੱਧਰ ਗੁਆਚ ਗਈ ? '
ਮੇਰੇ ਜੀਵਨ-ਸਾਥੀ ਬਲਦੇਵ ਨੇ ਮੈਨੂੰ ਹਲੂਣ ਕੇ ਭਰੀ ਹੋਈ ਪਲੇਟ ਵੱਲ ਇਸ਼ਾਰਾ ਕੀਤਾ।
ਸ਼ਾਮ ਨੂੰ ਸੱਭਿਆਚਾਰਕ ਪ੍ਰੋਗਰਾਮ ਸੀ। ਆਡੀਟੋਰੀਅਮ ਪੰਜਾਬੀ ਰੰਗਤ ਨਾਲ ਟਹਿਕ ਰਿਹਾ ਸੀ। ਕੋਈ ਲਹਿੰਗਾ ਪਾਈ ਮਟਕ ਰਹੀ ਸੀ, ਕੋਈ ਗੋਟੇ ਵਾਲਾ ਦੁਪੱਟਾ ਸੰਵਾਰ ਰਹੀ ਸੀ, ਕਿਸੇ ਕਿਸੇ ਨੇ ਸਾੜ੍ਹੀ ਵੀ ਬੰਨ੍ਹੀ ਸੀ। ਮੁੰਡੇ ਅੱਡ ਵਰੀ ਦੇ ਤਿਉਰ ਬਣੇ ਫਿਰਦੇ ਸਨ।
ਬਾਲਾਂ ਨੇ ਸ਼ਬਦ ਗਾਏ, ਭੰਗੜੇ ਪਾਏ
ਵੱਡਿਆਂ ਨੇ ਗੀਤ ਸੁਣਾਏ.ਕਾਲਜ ਵਾਂਗ ਏਥੇ ਵੀ ਮੇਰੇ ਹਮਜਮਾਤੀਆਂ ਦੀ ਸਰਦਾਰੀ ਸੀ। ਕਵਾਲੀ ਦਾ ਆਪਣਾ ਕਮਾਲ ਸੀ,
' ਹਮੇਂ ਤੋ ਲੂਟ ਲੀਆ ਇਨ ਮੁਹੱਲੇ ਵਾਲੋਂ ਨੇ
ਗੋਰੇ ਗੋਰੇ ਗੋਰੋਂ ਨੇ ਕਾਲੇ ਕਾਲੇ ਕਾਲੋਂ ਨੇ '
ਤਾਂਹੀਉਂ ਖਬਰ ਇੱਕ ਗੇਟ ਵਿੱਚੋਂ ਜਾਗੋ ਆ ਗਈ।ਕੁਰਸੀਆਂ ਉੱਤੇ ਬੈਠੇ ਲੋਕ ਨਿੱਕਾ ਨਿੱਕਾ ਗਿੱਧਾ ਪਾਉਣ ਲੱਗੇ,
' ਬੱਲੇ ਬਈ ਹੁਣ ਜਾਗੋ ਆਈ ਐ..ਸ਼ਾਵਾ ਬਈ ਹੁਣ ਜਾਗੋ ਆਈ ਐ '
ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ ਨੇ ਸਟੇਜ ਤੋਂ ਹੇਠਾਂ ਫਰਸ਼ ਉੱਤੇ ਨੱਚ ਨੱਚ ਕੇ ਉਹ ਧਮਾਲਾਂ ਪਾਈਆਂ ਕਿ ਰਹੇ ਰੱਬ ਦਾ ਨਾਂ।
ਇੱਕ ਡਾਕਟਰ ਤਾਂ ਏਨਾ ਟੁੰਨ ਸੀ ਕਿ ਵਾਰ ਵਾਰ ਕਿਸੇ ਦੀ ਚੁੰਨੀ ਨਾਲ ਘੁੰਡ ਕੱਢ ਕੇ ਪਿੜ ਵਿੱਚ ਗੇੜਾ ਦੇਣ ਲੱਗਦਾ ਤੇ ਚਾਰੇ ਪਾਸੇ ਹਾਸੇ ਦੇ ਫੁਹਾਰੇ ਫੁੱਟ ਪੈਂਦੇ।
ਤਿੰਨ ਦਿਨ ਤੀਆਂ ਵਾਂਗ ਲੰਘੇ,ਕਦੀ ਮੈਡੀਕਲ ਕਾਨਫਰੰਸ,ਕਦੀ ਅੰਤਾਕਸ਼ਰੀਆਂ ਤੇ ਕਦੀ ਆਪੋ - ਆਪਣੇ ਗਰੁੱਪਾਂ ਵਿੱਚ ਠਹਾਕੇ । ਅਸੀਂ ਵੀ ਇੱਕ ਢਾਣੀ ਵਿੱਚ ਬੈਠੇ ਹੱਡ-ਬੀਤੀਆਂ,ਜੱਗ-ਬੀਤੀਆਂ ਸੁਣ ਰਹੇ ਸਾਂ।ਲੰਡਨ ਵਸਦਾ ਇੱਕ ਸੀਨੀਅਰ, ਫਰੈਜ਼ਨੋ ਵਾਲੇ ਬੇਲੀ ਨੂੰ ਪੁੱਛਣ ਲੱਗਿਆ,
' ਕਿਉਂ ਫਿਰ ਮਿਸਟਰ ਸਾਈਕੈਟਰਿਸਟ! ਕਿਵੇਂ ਨਿਭਦੀ ਐ ਅਮਰੀਕੀਆਂ ਨਾਲ?'
' ਬੱਸ ਧੱਲੇ ਕੀਆਂ ਲਾਈਦੀਐਂ, ਡਾਲਰ ਫੁੰਡੀਦੇ ਐ! '
' ਯਾਰ! ਤੇਰੇ 'ਚ ਪੇਸ਼ੈਂਸ ਤਾਂ ਭੋਰਾ ਨੀ, ਮੈਂਟਲ ਮਰੀਜ਼ ਤਾਂ ਸੈਟਿਸਫਾਈ ਕਰਨੇ ਈ ਔਖੇ ਹੁੰਦੇ ਐ '
' ਪੁੱਛ ਨਾ ਯਾਰ!..ਲੱਗੇ ਰਹੀਦੈ.....ਸਿਰ .ਸਿੱਟ ਕੇ ! ਤੇ ਜਦੋਂ .ਅੱਕ. ਜਾਈਦੈ. ਤਾਂ ਮਾਂ-ਭੈਣ ਦੀਆਂ ਗਾਲਾਂ ਕੱਢਣ ਲੱਗ ਜਾਈਦੈ '
' ਕਹਿਕਹੇ ਦੀ ਗੂੰਜ ਨੇ ਪੌਣਾਂ ਵਿੱਚ ਤਰੰਗਾਂ ਛੇੜ ਦਿੱਤੀਆਂ।ਮਾੜੀ ਜਿਹੀ ਖਾਮੋਸ਼ੀ ਪਸਰੀ ਤਾਂ ਉਹ ਮੱਧਮ ਜਿਹੇ ਸੁਰ ਵਿੱਚ ਬੋਲਿਆ,
' ਇੱਕ ਦਿਨ ਤਾਂ ਬਾਈ ਟ੍ਰੈਜਿਡੀ ਹੋ 'ਗੀ..ਮੇਮ ਪੰਜਾਬੀ ਸਮਝਦੀ ਸੀ..'
' ਫੇਰ... ..? '
ਖਾਮੋਸ਼ੀ ਹੋਰ ਗੂੜ੍ਹੀ ਹੋ ਗਈ। ਸਭ ਨੇ ਵਿਚਕਾਰਲੇ ਮੇਜ਼ ਉੱਤੇ ਕੂਹਣੀਆਂ ਰੱਖ ਕੇ ਕੰਨ ਚੁੱਕ ਲਏ।
' ਫੇਰ ਕੀ? ਆਪਾਂ ਸੌਰੀ ਕਹਿ 'ਤਾ '
ਹੁਣ ਤਾਂ ਜਿਵੇਂ ਹਾਸੇ ਦੇ ਅਨਾਰ ਹੀ ਖਿੜ ਗਏ,ਦੂਜੀਆਂ ਢਾਣੀਆਂ ਵਾਲੇ ਭਉਂ ਭਉਂ ਦੇਖਣ ਲੱਗੇ।
ਖਾਣੇ ਵਾਲੇ ਪਾਸੇ ਵੱਖਰਾ ਹੀ ਜਲੌਅ ਡਲ੍ਹਕਾਂ ਮਾਰਦਾ ਸੀ। ਕਿਹੜੀ ਪੰਜਾਬੀ ਸੁਗਾਤ ਸੀ ਜਿਹੜੀ ਦੇਖਣ ਨੂੰ ਨਹੀਂ ਮਿਲੀ ? ਕਿਧਰੇ ਜਲੇਬੀਆਂ ਕੱਢੀਆਂ ਜਾ ਰਹੀਆਂ, ਕਿਧਰੇ ਮਾਲ੍ਹ-ਪੂੜੇ ਤਲੇ ਜਾ ਰਹੇ,ਕਿਤੇ ਖੀਰ ਲਪਟਾਂ ਛੱਡਦੀ ਤੇ ਕਿਤੇ ਖੰਡ-ਖਰਬੂਜ਼ੇ ਇੰਜ ਡਿਜ਼ਾਈਨਾਂ ਵਿੱਚ ਕੱਟੇ ਹੋਏ ਕਿ ਦੂਰੋਂ ਹੀ ਹਾਕਾਂ ਮਾਰਦੇ।
ਤੀਜਾ ਦਿਨ ..ਤੇ ਵਿਦਾਇਗੀ ਸਮਾਰੋਹ ..ਹੁਣ ਹਾਸਿਆਂ ਵਿੱਚ ਕੁਝ ਕੁਝ ਨਮੀ ਆ ਗਈ ਸੀ। ਹਰ ਕੋਈ ਸਟੇਜ ਉੱਤੇ ਚੜ੍ਹ ਕੇ ਦਿਲ ਹੌਲਾ ਕਰਦਾ, ਮੇਰੇ ਤੋਂ ਨਜ਼ਮ ਸੁਣੀ ਗਈ।ਅਗਲੇ ਵਰ੍ਹੇ ਦੀ ਐਲੂਮਿਨੀ ਲਈ ਨਿਊਯਾਰਕ ਨੂੰ ਚੁਣਿਆ ਗਿਆ,ਉਥੋਂ ਦੇ ਵਾਸੀ ਡਾਕਟਰਾਂ ਵਿੱਚ ਜ਼ਿੰਮੇਵਾਰੀਆਂ ਵੰਡੀਆਂ ਗਈਆਂ ਤੇ ਫਿਰ ਅਲਵਿਦਾ ਦੇ ਆਖਰੀ ਬੋਲਾਂ ਨਾਲ ਫਿਜ਼ਾ ਸਲ੍ਹਾਬੀ ਗਈ।
ਮੈਂ ਤੇ ਭੂਪਿੰਦਰ ਬਾਥਰੂਮਾਂ ਵੱਲ ਹੋ ਲਈਆਂ,ਦਰਵਾਜ਼ਾ ਖੋਲ੍ਹਦਿਆਂ ਹੀ ਇੱਕ ਕੜਕਵੀਂ ਆਵਾਜ਼ ਸੁਣੀ,
' ਲੁਕ!ਦਾ ਵਾਸ਼ਰੂਮ ਇਜ਼ ਸੋ ਡਰਟੀ!ਫਾਰ ਵਟ ਯੂ ਆਰ ਹੇਅਰ ?'
ਮੈਥੋਂ ਕਈ ਸਾਲ ਸੀਨੀਅਰ ਲੇਡੀ-ਡਾਕਟਰ ਉਥੇ ਡਿਊਟੀ ਦੇ ਰਹੀ ਇੱਕ ਮੋਟੀ- ਥੁਲਥੁਲੀ ਗੋਰੀ 'ਤੇ ਵਰ੍ਹ ਰਹੀ ਸੀ । ਇਹ ਉਹੋ ਕੁੜੀ ਸੀ ਜਿਹਨੇ ਬਹੁਤ ਸਾਲ ਪਹਿਲਾਂ ਸਾਡੀ ਦੋਵਾਂ ਦੀ ਦੱਬ ਕੇ ਰੈਗਿੰਗ ਕੀਤੀ ਸੀ।
ਮੇਰੇ ਕੰਨ ਕੋਲ ਮੂੰਹ ਕਰਕੇ ਕਹਿਣ ਲੱਗੀ, ' ਤੈਨੂੰ ਨਹੀਂ ਪਤਾ ਇਹਨਾਂ ਕਿੰਨੀ ਇਨਸਲਟ ਕੀਤੀ ਸਾਡੀ . . .ਅੰਦਰੇ ਅੰਦਰ ਬਹੁਤ ਤੜਪੇ ਹਾਂ.. ਉਫ! ਯਾਦ ਕਰਕੇ ਵੀ ਕਲੇਜਾ ਮੂੰਹ ਨੂੰ ਆਉਂਦੈ '
ਕੁਝ ਦੇਰ ਪਿੱਛੋਂ ਉਹ ਗੋਰੀ ਬਾਹਰ ਆ ਕੇ ਬੋਲੀ,
' ਸੌਰੀ ਮੈਡਮ! ਨਾਓ ਯੂ ਕੈਨ ਯੂਜ਼ ਇਟ '
ਬਹੁਤ ਸਾਲ ਪਹਿਲਾਂ ਜਿਸ ਕੁੜੀ ਤੋਂ ਮੈਨੂੰ ਅੰਤਾਂ ਦੀ ਦਹਿਸ਼ਤ ਸੀ, ਅੱਜ ਚੰਗੀ ਚੰਗੀ ਲੱਗ ਰਹੀ ਸੀ । ਮੈਂ ਵਾਰੇ ਵਾਰੇ ਜਾ ਰਹੀ ਸਾਂ ਪੰਜਾਬੀ ਅਣਖ ਦੇ, ਜਿਹੜੀ ਮਜਬੂਰੀਆਂ ਦੀ ਭੁੱਬਲ ਵਿੱਚ ਭਾਵੇਂ ਕੁਝ ਦੇਰ ਦੱਬੀ ਰਹੇ, ਪਰ ਜਦੋਂ ਭੜਕਦੀ ਹੈ ਤਾਂ ਸਾਰੀਆਂ ਨਮੋਸ਼ੀਆਂ ਨੂੰ ਸੁਆਹ ਕਰਕੇ ਆਪਣੀ ਸ਼ਾਨ ਦੇ ਝੰਡੇ ਬੁਲੰਦ ਕਰ ਦਿੰਦੀ ਹੈ।
No comments:
Post a Comment