ਉਹ ਇੱਕ ਸੰਦਲੀ ਜਿਹੀ ਸ਼ਾਮ ਸੀ। ਰੰਗਲੇ ਪਾਣੀਆਂ ਵਿੱਚ ਨਹਾਤੀ ਹੋਈ, ਅੱਲ੍ਹੜ ਸ਼ਰਾਰਤਾਂ ਨਾਲ ਚਹਿਕਦੀ ਹੋਈ। ਚਿਹਰਿਆਂ'ਤੇਗੁਲਾਲ ਮਲ, ਭੱਜ-ਭਜਾ, ਲਾਲ ਹਰੇ ਪਾਣੀ ਦੀਆਂ ਬਾਲਟੀਆਂ ਮੁਧਿਆ, ਅਸੀਂ ਹੰਭੀਆਂ ਹੁੱਟੀਆਂ ਕੰਧ ਦੀ ਟੇਕ ਲੈ ਕੇ ਬੈਠੀਆਂ ਹੀ ਸੀ ਕਿ ਚੌਂਕੀਦਾਰ ਦਾ ਹੋਕਰਾ ਸੁਣਿਆ,
" ਡਾਕਟਰ ਸਾਹਬ ਗੁਰਮਿੰਦਰ ਕੇ ਗੈਸਟ ਹੈਂ, ਨੀਚੇ ਗੈਸਟ-ਰੂਮ ਮੇਂ ਪਹੁੰਚੇ! ਡਾਕਟਰ ਸਾਹਬ ਗੁਰਮਿੰਦਰ ਕੇ.."
"ਕੌਣ ਹੋਇਆ ਅੱਜ ਦੇ ਦਿਨ ?" ਬਾਥਰੂਮ ਵਿੱਚ ਮੂੰਹ ਧੋਂਦੀ ਮੈਂ ਸੋਚਣ ਲੱਗੀ। ਰੰਗ ਮੁੱਕ ਗਏ ਤਾਂ ਅਸੀਂ ਇੱਕ ਦੂਜੀ ਦੇ ਮੂੰਹ ਨੀਲੀ ਸਿਆਹੀ ਨਾਲ ਲਿੱਪ ਦਿੱਤੇ ਸੀ ਤੇ ਹੁਣ ਇਹ ਸਿਆਹੀ ਸਾਬਣ ਮਲ ਮਲ ਕੇ ਵੀ ਉੱਤਰ ਨਹੀਂ ਸੀ ਰਹੀ।
'ਚਲੋ ਕੋਈ ਆਪਣਾ ਈ ਹੋਊ' ਮੈਂ ਤੌਲੀਏ ਨਾਲ ਚਿਹਰਾ ਦੱਬ ਦੱਬ ਕੇ ਰਗੜਨ ਲੱਗੀ ਤੇ ਫਿਰ ੳਵੇਂ ਜਿਵੇਂ ਹੀ ਬਿੱਖਰੇ ਵਾਲੀਂ ਹੇਠਾਂ ਆ ਗਈ। ਵੇਟਿੰਗ ਰੂਮ ਵਿੱਚ ਕਾਫੀ ਲੋਕ ਖੜ੍ਹੇ ਸਨ ਪਰ ਮੇਰੀ ਜਾਣ-ਪਛਾਣ ਦਾ ਤਾਂ ਕੋਈ ਵੀ ਨਹੀਂ ਸੀ। ਇਹ ਚੌਂਕੀਦਾਰ ਵੀ ਅਜੀਬ ਐ, ਮਾੜਾ ਜਿਹਾ ਉੱਚਾ ਸੁਣਦੈ, ਹਰਜੀਤ ਦੇ ਮਹਿਮਾਨ ਆਉਣ ਤਾਂ ਗੁਰਜੀਤ ਨੂੰ ਬੁਲਾ ਲਿਆਉਂਦੈ,ਨਰਿੰਦਰ ਦੇ ਆਉਣ ਤਾਂ ਸੁਰਿੰਦਰ ਨੂੰ ਬੁਲਾ ਲਿਆਉਂਦੈ।ਨਿੱਤ ਕੁੜੀਆਂ ਤੋਂ ਝਿੜਕਾਂ ਖਾਂਦੈ।
"ਮੋਹਣ ਲਾਲ ! ਤੈਥੋਂ ਚੰਗੀ ਤਰ੍ਹਾਂ ਨੀ ਸੁਣ ਹੁੰਦਾ ? ਹੁਣ ਦੱਸ ਕੌਣ ਮਿਲਣ ਆਇਐ ਮੈਨੂੰ ?
ਤੀਜੀ ਮੰਜਿਲ ਤੋਂ ਸੱਦ ਕੇ ਲਿਆਇਐ!ਧਿਆਨ ਕਿੱਥੇ ਰਹਿੰਦੈ ਤੇਰਾ?ਕੁਸ਼ ਅਕਲ ਤੋਂ....."
"ਆਰ ਯੂ ਡਾਕਟਰ ਗੁਰਮਿੰਦਰ ? ਆਈ ਐਮ ਕੈਪਟਨ ਬਲਦੇਵ ਸਿੰਘ ਫਰਾਮ ਜੰਮੂ "
ਇੱਕ ਬਾਂਕਾ ਸਜੀਲਾ ਫੌਜੀ ਗੱਭਰੂ ਮੇਰੇ ਵੱਲ ੳਕੜਿਆ।
ਮੇਰੇ 'ਤੇ ਜਾਣੀ ਸੱਤ ਘੜੇ ਪਾਣੀ ਪੈ ਗਿਆ। ਇਹ ਪਾਪਾ ਜੀ ਦੇ ਦੋਸਤ ਦਾ ਬੇਟਾ ਸੀ , ਜਿਹਦੇ ਨਾਲ ਮੇਰੇ ਸਾਕ ਦੀ ਗੱਲਬਾਤ ਚੱਲ ਰਹੀ ਸੀ, ਉਹਦੇ ਬਾਰੇ ਬਹੁਤ ਕੁਝ ਸੁਣਿਆ ਹੋਇਆ ਸੀ ਮੈਂ,ਸਿਰਫ ਸੁਣਿਆ ਹੀ ਨਹੀ, ਇਸ ਨਾਂ ਦੇ ਤਾਂ ਸੁਫਨੇ ਵੀ ਕੱਤਣੇ ਸ਼ੁਰੂ ਕਰ ਦਿੱਤੇ ਸਨ । ਪਰ ਉਹ ਇੰਜ ਅਚਾਨਕ ? ਬਿਨਾਂ ਖਬਰ ਦਿੱਤਿਆਂ ? ਮੇਰੇ ਸਾਹਮਣੇ? ਮੈਂ ਤਾਂ ਬੌਂਦਲ ਜਿਹੀ ਗਈ।
ਇਸ ਮੁਲਾਕਾਤ ਨੇ ਮੇਰੇ ਸਾਰੇ ਸੁਫਨੇ ਮਜੀਠ ਕਰ ਦਿੱਤੇ।ਹੋਲੀ ਦੇ ਸਾਰੇ ਰੰਗ ਕੱਚੀਆਂ ਕੋਰੀਆਂ ਤੰਦਾਂ ਉੱਤੇ ਪੱਕੇ ਰੰਗ ਬਣ ਕੇ ਚੜ੍ਹ ਗਏ।ਹੁਣ ਤਾਂ ਕਦੀ ਦਿਲ ਦੀ ਫੁਲਕਾਰੀ ਉੱਤੇ ਸੂਹੇ,ਕਾਸ਼ਨੀ ਫੁੱਲ ਖਿੜਦੇ,ਕਦੀ ਮਨ ਦੀ ਦਰੀ ਉੱਤੇ ਘੁੱਗੀਆਂ,ਮੋਰ ਟਹਿਕਦੇ।ਰੋਜ਼ ਰਾਤ ਬਹਾਰ ਮੇਰੇ ਸਿਰਹਾਣੇ ਆ ਬੈਠਦੀ,ਰੋਜ਼ ਸਵੇਰ ਸੂਰਜ ਮੇਰੇ ਇਸ਼ਕ ਨੂੰ ਸਜਦਾ ਕਰਦਾ, ਕਿ ਇੱਕ ਦਿਨ ਇਹ ਸਤਰੰਗੀ ਪੀਂਘ ਤੜੱਕ ਕਰਕੇ ਟੁੱਟ ਗਈ।
ਗਰਮੀਆਂ ਦੀਆਂ ਛੁੱਟੀਆਂ..ਨਿੰਮ੍ਹੀ ਨਿੰਮ੍ਹੀ ਚਾਨਣੀ ਵਿੱਚ ਮੈਂ ਕੋਠੇ'ਤੇ ਅਧ-ਸੁੱਤੀ ਜਿਹੀ ਪਈ ਸਾਂ। ਮੁੰਦੀਆਂ ਪਲਕਾਂ ਵਿੱਚ ਮਹਿਬੂਬ ਚਿਹਰਾ ਲਹਿਰਾ ਰਿਹਾ ਸੀ,ਉਹਨੂੰ ਮਿਲਣ ਦੀ ਤਾਂਘ ਕਾਲਜੇ ਵਿੱਚ ਖੋਹ ਜਿਹੀ ਪਾ ਰਹੀ ਸੀ।ਨਜ਼ਦੀਕ ਹੀ ਹੋ ਰਹੀ ਖੁਸਰਫੁਸਰ ਵਿੱਚ ਆਪਣਾ ਨਾਂ ਸੁਣ ਕੇ ਮੈਂ ਕੰਨ ਚੁੱਕ ਲਏ।
" ਬੱਚਿਆਂ ਦੀ ਭਾਵਨਾ ਦਾ ਖਿਆਲ ਰੱਖਣਾ ਚਾਹੀਦੈ ! ਹੁਣ ਦੇਖ ਲਓ ਬਾਈ ਜੀ ! ਆਪਣੀ ਗੁਰਮਿੰਦਰ ਲਈ ਕੈਪਟਨ ਲੜਕਾ ਦੇਖਿਆ ਸੀ, ਡਾਕਟਰ ਐ ਆਰਮੀ 'ਚ, ਪਰ ਇਹਨੂੰ ਪਸਿੰਦ ਨੀ ਆਇਆ। ਮੈਂ ਰਿਸ਼ਤੇ ਨੂੰ ਨਾਂਹ ਕਰ 'ਤੀ..'
" ਚੰਗਾ ਕੀਤਾ ਕਰਨੈਲ! ਹੁਣ ਫਿਰ ਕੋਈ ਹੋਰ ਲੜਕਾ ਭਾਲੋ!ਪੜ੍ਹਾਈ ਮੁੱਕਣ ਆਲੀ ਐ ਇਹਦੀ.."
ਚਾਲੀ ਕੁ ਵਰ੍ਹੇ ਪਹਿਲਾਂ ਮੇਰੇ ਪਾਪਾ ਜੀ ਤੇ ਦਾਦਾ ਜੀ ਸਲਾਹੀਂ ਪਏ ਸਨ।
ਮੇਰੇ ਤਾਂ ਜਿਵੇਂ ਕੋਈ ਠੂੰਹਾਂ ਲੜ ਗਿਆ, ਮੈਂ ਤ੍ਰਬ੍ਹਕ ਕੇ ਉੱਠ ਬੈਠੀ।ਇੱਕ ਦਿਨ ਭੂਆ ਜੀ ਨੇ ਮੇਰੇ ਸਿਰ 'ਚ ਤੇਲ ਝਸਦਿਆਂ ਇਸ ਮੁੰਡੇ ਬਾਰੇ ਮੇਰੀ ਰਾਇ ਪੁੱਛੀ ਸੀ।ਅੰਤਾਂ ਦੀ ਸੰਗਦੀ ਸ਼ਰਮਾਉਂਦੀ ਨੇ ਮੈਂ ਟਾਲਣ ਲਈ ਕਹਿ ਦਿੱਤਾ ਸੀ,"ਮੈਂ ਨੀ ਅਜੇ ਵਿਆਹ ਕਰਾਉਣਾ"
ਮੇਰੇ ਕਹੇ ਦਾ ਉਲਟਾ ਅਰਥ ਨਿੱਕਲ ਗਿਆ ਸੀ, ਅਰਥ ਤੋਂ ਅਨੱਰਥ ਹੋ ਗਿਆ ਸੀ।
ਠੂੰਹੇਂ ਦਾ ਜ਼ਹਿਰ ਮੇਰੇ ਸਿਰ ਨੂੰ ਚੜ੍ਹਨ ਲੱਗਾ।ਮੈਂ ਦੋਹਾਂ ਹੱਥਾਂ ਨਾਲ ਸਿਰ ਨੱਪ ਕੇ ਬਹਿ ਗਈ।ਦਿਲ ਜ਼ੋਰ ਜ਼ੋਰ ਦੀ ਧੜਕਣ ਲੱਗਿਆ, ਸਾਹ ਉੱਚੀ ਉੱਚੀ ਆਉਣ ਲੱਗੇ, ਸੰਘ ਵਿੱਚ ਕੋਈ ਗੋਲਾ ਜਿਹਾ ਫਸ ਗਿਆ ।
ਜਾਰੀ ਸਫਾ 2
2
ਪਾਪਾ ਜੀ ਨੇ ਭੱਜ ਕੇ ਪਾਣੀ ਦਾ ਗਲਾਸ ਮੇਰੇ ਬੁੱਲ੍ਹਾਂ ਨੂੰ ਲਾਇਆ,ਫਿਰ ਮੋਢਿਆਂ ਤੋਂ ਫੜ ਕੇ ਲਿਟਾ ਦਿੱਤਾ ਤੇ ਦੋਵਾਂ ਅੰਗੂਠਿਆਂ ਨਾਲ ਮੇਰੀਆਂ ਪੁੜਪੁੜੀਆਂ ਦੱਬਣ ਲੱਗੇ।
" ਤਾਂ ਤੂੰ ਐਵੇਂ ਈ ਕਹਿ'ਤਾ ਸੀ,ਅਜੇ ਵਿਆਹ ਨੀ ਕਰਵਾਉਣਾ?"
"ਜੀ ਪਾਪਾ ਜੀ.."
" ਲੜਕਾ ਪਸਿੰਦ ਐ ਤੈਨੂੰ?"
"ਹਾਂ ਪਾਪਾ ਜੀ"
ਅੱਥਰੂ ਮੇਰੀਆਂ ਅੱਖਾਂ 'ਚੋਂ ਪਰਲ ਪਰਲ ਡਿੱਗਣ ਲੱਗੇ।
"ਕੋਈ ਨੀ, ਮੈਂ ਭਲਕੇ ਈ ਚਿੱਠੀ ਲਿਖਦਾਂ ਚੰਨਣ ਸਿਹੁੰ ਨੂੰ, ਸ਼ੈਦ ਅਜੇ ਕਿਤੇ ਪੱਕ-ਠੱਕ ਨਾ ਹੋਇਆ ਹੋਵੇ, ਵਾਹਿਗੁਰੂ ਭਲੀ ਕਰੂ"
ਪਾਪਾ ਜੀ ਮੇਰੇ ਮੱਥੇ 'ਤੇ ਪੋਲੀਆਂ ਪੋਲੀਆਂ ਥਪਕੀਆਂ ਮਾਰਦੇ ਰਹੇ।ਮੈਂ ਮਿੱਠੀ ਗੂੜ੍ਹੀ ਸਕੂਨ ਦੀ ਨੀਂਦਰੇ ਸੌਂ ਗਈ।ਸਵੇਰੇ ਧੁੱਪ ਦੀ ਪਲੇਠੀ ਟੁਕੜੀ ਬਨੇਰੇ 'ਤੇ ਹੱਥ ਜਿਹਾ ਲਾ ਕੇ ਮੇਰੇ ਅੰਦਰ ਆ ਕੇ ਬਹਿ ਗਈ, "ਜੇ ਉਹਨੂੰ ਕੋਈ ਫਰਕ ਨਹੀਂ ਪਿਆ ਤਾਂ ਮੈਨੂੰ ਕਿਉਂ ਪਵੇ?ਖੌਰੇ ਕਿੰਨਾ ਚਿਰ ਹੋ ਗਿਆ ਸਾਕ ਟੁੱਟੇ ਨੂੰ,ਜੇ ਉਹਨੂੰ ਕੋਈ ਪਰਵਾਹ ਨਹੀਂ ਤਾਂ ਮੈਨੂੰ ਕਿਉਂ?ਕਿਉਂ ਮੇਰੇ ਪਾਪਾ ਲਿਖਣ ਚਿੱਠੀ?ਕਿਉਂ ਮੇਰੇ ਪਾਪਾ ਹੋਣ ਨੀਵੇਂ?"
ਧੁੱਪ ਦੀ ਟੁਕੜੀ ਮੇਰੇ ਪੂਰੇ ਵਜੂਦ ਵਿੱਚ ਘੁਲ ਰਹੀ ਸੀ।ਦਰੀ ਖੇਸ ਵਲ੍ਹੇਟ ਕੇ ਮੋਢੇ'ਤੇ ਸੁੱਟਦੀ ਮੈਂ ਪੌੜੀਆਂ ਉੱਤਰਨ ਲੱਗੀ।
"ਨਹੀਂ ਲਿਖਣਗੇ ਮੇਰੇ ਪਾਪਾ ਚਿੱਠੀ..'
ਬਾਂਸ ਦੀ ਪੌੜੀ ਦਾ ਹਰੇਕ ਟੰਬਾ ਮੈਨੂੰ ਇਹ ਵਾਕ ਰਟਾਉਣ ਲੱਗਿਆ।ਬਿਸਤਰਾ ਵਰਾਂਡੇ 'ਚ ਪਏ ਤਖਤਪੋਸ਼'ਤੇ ਵਗਾਹ ਕੇ ਮੈਂ ਤੀਰ ਵਾਂਗ ਬੈਠਕ ਵਿੱਚ ਗਈ।
"ਪਾਪਾ ਜੀ! ਤੁਸੀਂ ਨਹੀਂ ਲਿਖਣੀ ਉਨ੍ਹਾਂ ਨੂੰ ਚਿੱਠੀ-ਚੁੱਠੀ '
"ਕੋਈ ਨੀ ਬੇਟਾ!ਲਿਖ ਦਿੰਨਾਂ,ਮੈਨੂੰ ਕੋਈ ਫਰਕ ਨੀ ਪੈਦਾ,ਸਭ ਠੀਕ ਹੋ ਜੂ.."
" ਨਹੀਂ ਪਾਪਾ ਜੀ! ਪਲੀਜ਼ ਕੁਸ਼ ਨੀ ਲਿਖਣਾ! "
"ਆਖਰੀ ਫੈਸਲਾ ?"
" ਜੀ ਪਾਪਾ ਜੀ"
"ਇੱਟ ਵਰਗਾ ਪੱਕਾ?"
"ਹਾਂ ਪਾਪਾ ਜੀ" ਮੈਂ ਚਪਲਾਂ ਘੜੀਸਦੀ ਬਾਹਰ ਆ ਗਈ।
ਆਖਿਰੀ ਛੁੱਟੀ..ਤੇ ਅਸੀਂ ਫਿਰ ਹੌਸਟਲ ਵਿੱਚ ਸਾਂ।ਸਖੀਆਂ ਸਹੇਲੀਆਂ ਹੋਈਆਂ ਬੀਤੀਆਂ ਮਿਰਚ-ਮਸਾਲੇ ਲਾ ਕੇ ਸੁਣਾਉਣ ਲੱਗੀਆਂ। ਕਿਸੇ ਦੀ ਮੰਗਣੀ, ਕਿਸੇ ਦੀ ਦੇਖ ਦਿਖਾਈ, ਕਿਸੇ ਦੀ ਪ੍ਰੇਮ-ਗਾਥਾ। ਐਮ.ਬੀ.ਬੀ.ਐਸ ਦੇ ਆਖਰੀ ਸਾਲ ਵਿੱਚ ਇਹੋ ਕੁਝ ਤਾਂ ਹੁੰਦੈ,ਪੜ੍ਹਾਈ ਦੀ ਸਿਖਰ..ਮੁਹੱਬਤਾਂ ਦਾ ਜ਼ਿਕਰ ਤੇ ਫਿਰ ਮੇਰੀ ਮੁਹੱਬਤ ਤਾਂ ਇੱਕ ਆਰਮੀ ਅਫਸਰ ਨਾਲ ਹੋਣ ਕਰਕੇ ਉਂਜ ਹੀ ਕੁਆਰੀਆਂ ਜੀਭਾਂ'ਤੇ ਪਤਾਸੇ ਭੋਰਦੀ ਸੀ, ਇੱਕ ਮੁਲਾਕਾਤ ਦੀ ਪ੍ਰੀਤ..
" ਹਾਂ ਫਿਰ ਤੂੰ ਦੱਸ ਜਹਾਂਆਰਾ! ਆਪਣੇ ਮਿਸਟਰ ਦੀ ਯਾਦ 'ਚ ਕਿੰਨੀਆਂ ਕਵਿਤਾਵਾਂ ਲਿਖ ਮਾਰੀਆਂ ?" ਮੇਰੀ ਗੂੜ੍ਹੀ ਸਹੇਲੀ ਭੂਪੀ ਨੇ ਵੱਖੀ ਵਿੱਚ ਕੂਹਣੀ ਮਾਰੀ।
ਕੁੜੀਆਂ ਨੇ ਮੇਰਾ ਨਾਂ 'ਜਹਾਂਆਰਾ' ਪਾਇਆ ਹੋਇਆ ਸੀ।
ਮੇਰੇ ਸਬਰ ਦਾ ਬੰਨ੍ਹ ਕਾਅੜ ਕਰਕੇ ਟੁੱਟ ਗਿਆ।ਮੈਂ ਫੁੱਟ ਫੁੱਟ ਕੇ ਰੋ ਪਈ।ਭੂਪੀ ਨੇ ਸਾਰਾ ਕਿੱਸਾ ਸੁਣਿਆ ਤਾਂ ਅਵਾਕ ਰਹਿ ਗਈ। ਚੋਰੀ ਚੋਰੀ ਮੇਰਾ ਹਾਲ-ਹਵਾਲ ਲਿਖ ਕੇ ਉਹਨੇ ਚਿੱਠੀ ਪਾ ਦਿੱਤੀ , ਮਿਲਟਰੀ ਹਸਪਤਾਲ ਜੰਮੂ ਦੇ ਸਿਰਨਾਵੇਂ 'ਤੇ।
ਇੱਕ ਸੰਧਿਆ ਦੀ ਡਾਕ ਵਿੱਚ ਹਲਕੀ ਜਾਮਨੀ ਭਾਅ ਮਾਰਦਾ ਫੌਜੀ ਪੱਤਰ ਮੈਨੂੰ ਮੁਖਾਤਿਬ ਸੀ,
"ਮੈਂ ਮੈਰਿਜ ਲਈ ਤਿਆਰ ਹਾਂ, ਪਰ ਤੂੰ ਆਪਣੇ ਹੱਥ ਨਾਲ 'ਸਹਿਮਤੀ' ਲਿਖ, ਵੈਸੇ ਮਾਪੇ ਜੋ ਵੀ ਕਰਦੇ ਨੇ ਬੱਚਿਆਂ ਦੀ ਬੇਹਤਰੀ ਲਈ ਹੀ ਕਰਦੇ ਨੇ, ਇਹ ਮੈਰਿਜ ਵੀ ਤਾਂ ਈ ਸਿਰੇ ਚੜ੍ਹੂ ਜੇ ਮੇਰੇ ਘਰਵਾਲੇ ਰਜ਼ਾਮੰਦ ਹੋਏ, ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਮੈਂ ਇੱਕ ਕਦਮ ਵੀ ਨਹੀਂ ਪੁੱਟਣਾ"
ਇਹ ਮੇਰੀ ਹਯਾਤੀ ਵਿੱਚ ਮਿਲਿਆ ਪਹਿਲਾ ਪ੍ਰੇਮ-ਪੱਤਰ ਸੀ।
ਜਾਰੀ ਸਫਾ..3
3
ਸਾਰੀ ਜ਼ਿੰਦਗੀ ਦਾ ਫੈਸਲਾ, ਤੇ ਦਿਨ ਸਿਰਫ ਸੱਤ ।ਸੱਤ ਵੀ ਕਦੋਂ? ਤਿੰਨ ਦਿਨ ਤਾਂ ਉਹਨੂੰ ਇਹ ਚਿੱਠੀ ਲਿਖੀ ਨੂੰ ਹੋ ਗਏ ਸਨ, ਤੇ ਤਿੰਨ ਦਿਨ ਮੇਰੀ ਉਸ ਤੱਕ ਉਪੱੜਦੀ ਨੂੰ ਲੱਗ ਜਾਣਗੇ।ਲੈ ਦੇ ਕੇ ਮੇਰੇ ਕੋਲ ਬੱਸ ਇੱਕੋ ਅੱਜ ਦਾ ਦਿਨ ਸੀ,ਦਿਨ ਵੀ ਕਿੱਥੇ?ਪਲਾਤਾ ਪਲਾਤਾ ਹਨ੍ਹੇਰਾ ਤਾਂ ਹੋ ਵੀ ਗਿਆ ਸੀ।ਮੇਰੇ ਕੋਲ ਸਿਰਫ ਕੁਝ ਘੰਟੇ ਸਨ, ਵੱਧ ਤੋਂ ਵੱਧ ਇੱਕ ਰਾਤ, ਭਲਕੇ ਮੇਰੀ ਚਿੱਠੀ ਨੂੰ ਤੁਰ ਪੈਣਾ ਚਾਹੀਦਾ ਸੀ।
" ਭੂਪੀ ਨੇ ਵੀ ਅੱਜ ਈ ਪਿੰਡ ਜਾਣਾ ਸੀ ?" ਉਹਤੋਂ ਬਿਨਾਂ ਮੇਰੀ ਸੱਚੀ ਹਿਤੈਸ਼ੀ ਕੋਈ ਨਹੀਂ ਸੀ। ਮੇਰੇ ਤਾਂ ਹੱਥਾਂ ਦੇ ਤੋਤੇ ਈ ਉੱਡ ਗਏ।ਟੈਲੀਫੋਨ ਦਾ ਵੀ ਓਦੋਂ ਕਿਤੇ ਨਾਂ ਨਿਸ਼ਾਨ ਨਹੀਂ ਸੀ, ਤੇ ਫਿਰ ਘਰਦਿਆਂ ਨੇ ਤਾਂ ਉਂਜ ਹੀ ਸਾਰੀ ਡੋਰ ਮੇਰੇ 'ਤੇ ਸੁੱਟ ਛੱਡੀ ਹੋਈ ਸੀ।ਐਨਾ ਵਿਸ਼ਵਾਸ਼ ਸੀ ਉਹਨਾਂ ਨੂੰ ਮੇਰੇ 'ਤੇ! ਸਿਆਹ ਕਰਾਂ ਜਾਂ ਸਫੈਦ, ਉਹਨਾਂ ਆਪਣੀ ਮੋਹਰ ਲਾ ਦੇਣੀ ਸੀ । ਇਹ ਵਿਸ਼ਵਾਸ਼ ਮੈਂ ਬੜੇ ਜਤ-ਸਤ ਨਾਲ ਏਨੇ ਜੁਆਨ ਜਹਾਨ ਵਰ੍ਹਿਆਂ ਵਿੱਚ ਕਮਾਇਆ ਸੀ , ਤੇ ਹੁਣ ਇਸ ਮੁੰਡੇ ਨੇ ਵੀ ਫੈਸਲੇ ਦਾ ਹੱਕ ਮੇਰੇ ਹਵਾਲੇ ਕਰ ਦਿੱਤਾ ਸੀ।
ਜਦੋਂ ਕਿਸੇ ਨੂੰ ਪੂਰੇ ਅਧਿਕਾਰ ਮਿਲ ਜਾਣ, ਤੇ ਉਹਦਾ ਫੈਸਲਾ ਸਾਰਿਆਂ ਨੂੰ ਹੀ ਬਿਨਾਂ ਕਿਸੇ ਕਿੰਤੂ ਪ੍ਰੰਤੂ ਤੋਂ ਮਨਜ਼ੂਰ ਹੋਵੇ ਤਾਂ ਉਹ ਸਥਿਤੀ ਕਿੰਨੀ ਨਾਜ਼ੁਕ,ਕਿੰਨੀ ਜ਼ਿੰਮੇਵਾਰਾਨਾ,ਕਿੰਨੀ ਇਮਤਿਹਾਨੀ,ਕਿੰਨੀ ਖਤਰਨਾਕ ਹੋ ਸਕਦੀ ਐ! ਇਹ ਸਿਰਫ ਮੈਂ ਹੀ ਜਾਣਦੀ ਹਾਂ।
ਖੁਦ ਹੀ ਜੂਝ ਜੂਝ ਕੇ ਜਵਾਬ ਲਿਖਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ । ਰਾਤ ਦੀ ਰੋਟੀ ਤੋਂ ਬਾਅਦ ਮੈਂ ਬੂਹਾ ਅੰਦਰੋਂ ਬੰਦ ਕਰ ਲਿਆ ਤੇ ਲੈਟਰਪੈਡ ਲੈ ਕੇ ਬਹਿ ਗਈ।
ਪਹਿਲਾ ਖਤ 'ਹਾਂ' ਦਾ ਲਿਖਿਆ।
" ਕਿਤੇ ਮੈਂ ਗਲਤੀ ਤਾਂ ਨਹੀਂ ਕਰ ਰਹੀ? ਕਿਧਰੇ ਪਛਤਾਉਣਾ ਤਾਂ ਨੀ ਪੈ ਜਾਊ?"
ਮੈਂ ਫੁਰਤੀ ਨਾਲ ਵਰਕਾ ਪਾੜਿਆ ਤੇ ਗੁੱਛਾ-ਮੁੱਛਾ ਕਰਕੇ ਇੱਕ ਖੂੰਜੇ ਵੱਲ ਵਗਾਹ ਮਾਰਿਆ।
ਦੂਜਾ ਖਤ 'ਨਾਂਹ' ਦਾ ਲਿਖਿਆ।
ਆਂਦਰਾਂ ਵਿੱਚ ਲਾਟ ਜਿਹੀ ਫਿਰ ਗਈ, ਚਿੱਤ ਨੂੰ ਡੋਬੂ ਪੈਣ ਲੱਗੇ। ਉਸਤੋਂ ਵੀ ਵੱਧ ਫੁਰਤੀ ਨਾਲ ਇਹਨੂੰ ਪਾੜ ਕੇ ਵਗਾਹਿਆ। ਫਿਰ ਤਾਂ ਕਦੇ 'ਹਾਂ' ਕਦੇ 'ਨਾਂਹ', ਸਾਰਾ ਫਰਸ਼ ਗੁੱਛਾ-ਮੁੱਛਾ ਕਾਗ਼ਜ਼ਾਂ
ਨਾਲ ਭਰ ਗਿਆ।
ਉਸ ਵੇਲੇ ਤਿੰਨ ਹੋਰ ਮੁੰਡੇ ਮੇਰੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਸਨ। ਕਮਾਲ ਇਹ ਕਿ ਉਹਨਾਂ ਵਿੱਚੋਂ ਇੱਕ ਨੇ ਵੀ ਮੇਰੇ ਨਾਲ ਸਿੱਧਾ ਸੰਪਰਕ ਕਰਨ ਦੀ ਜੁਅੱਰਤ ਨਹੀਂ ਕੀਤੀ ਸੀ। ਮੈਡੀਕਲ ਕਾਲਜ ਵਿੱਚ ਮੇਰਾ ਕੁਝ ਇਹੋ ਜਿਹਾ ਰੋਹਬ-ਦਾਹਬ ਸੀ। ਇੱਕ ਕਲਾਸਫੈਲੋ ਸੀ, ਮਲੇਸ਼ੀਆ ਤੋਂ, ਉਹਨੇ ਮੇਰੇ ਦੂਰ ਨੇੜੇ ਦੇ ਸਬੰਧੀਆਂ ਰਾਹੀਂ ਆਪਣੀ ਦੌਲਤ ਦਾ ਵਿਖਾਲਾ ਪਾ ਕੇ ਪਹੁੰਚ ਕੀਤੀ ਸੀ। ਮੈਨੂੰ ਨਾ ਉਹ ਪਸੰਦ ਸੀ ਨਾ ਉਹਦਾ ਇਹ ਢੰਗ-ਤਰੀਕਾ।
ਇੱਕ ਹੋਰ ਥਾਪਰ ਕਾਲਜ ਵਿੱਚ ਇੰਜਨੀਅਰਿੰਗ ਪੜ੍ਹਦਾ ਸੀ। ਪਹਿਲੇ ਸਾਲ ਤੋਂ ਹੀ ਮੇਰੇ ਪਿੱਛੇ ਲੱਗਿਆ ਹੋਇਆ ਸੀ।ਜਿੱਥੇ ਵੀ ਮੈਂ ਜਾਂਦੀ ਉਹ ਹਾਜ਼ਿਰ ਹੁੰਦਾ, ਹਸਪਤਾਲ, ਸਿਨੇਮਾ-ਘਰ, ਗੁਰਦਵਾਰੇ , ਬਜ਼ਾਰ,ਬੱਸ-ਸਟੈਂਡ, ਹਰ ਜਗਾਹ।ਪਤਾ ਨਹੀਂ ਉਹਨੂੰ ਮੇਰੀ ਸੂਹ ਕਿੱਥੋਂ ਲੱਗਦੀ ਸੀ?ਖੌਰੇ ਉਹ ਪੜ੍ਹਦਾ ਵੀ ਸੀ ਕਿ ਨਹੀਂ? ਮੈਂ ਰਾਹ ਬਦਲ ਬਦਲ ਕੇ ਤੁਰਦੀ, ਵਕਤ ਬਦਲ ਬਦਲ ਕੇ ਜਾਂਦੀ, ਪਰ ਉਹ ਪਹੁੰਚ ਜਾਂਦਾ। ਬੱਸ ਚੁਪਚਾਪ ਖੜ੍ਹਾ ਤੱਕਦਾ ਰਹਿੰਦਾ। ਮੈਨੂੰ ਇਹ ਹਰਕਤ ਬੜੀ ਹੋਛੀ ਲੱਗਦੀ ਸੀ, ਬਿਨਾਂ ਕਿਸੇ ਅਧਾਰ ਤੋਂ ਮੇਰੇ ਉੱਜਲੇ ਦਾਮਨ 'ਤੇ ਦਾਗ ਲੱਗ ਸਕਦਾ ਸੀ, ਉਹਦੇ ਨਾਲ ਮੈਨੂੰ ਖਾਮੋਸ਼ ਨਫਰਤ ਸੀ ।
ਇੱਕ ਸੀਨੀਅਰ ਡਾਕਟਰ ਸੀ, ਹਾਊਸ-ਜਾਬ ਕਰ ਰਿਹਾ,ਡਾਢਾ ਸੋਹਣਾ ਸੁਨੱਖਾ, ਉਹਨੇ ਆਪਣੀ ਜਮਾਤਣ ਹੱਥ ਰੁੱਕਾ ਘੱਲਿਆ ਸੀ, " ਮੈਂ ਤੇਰੇ ਲਈ ਸਭ ਕੁਝ ਕਰ ਸਕਦਾਂ,ਜਾਨ ਦੇ ਸਕਦਾਂ, ਆਪਣੇ ਪੇਰੈਂਟਸ ਨੂੰ ਵੀ ਛੱਡ ਸਕਦਾਂ, ਬੱਸ ਇੱਕ ਵਾਰ ਯੈਸ ਕਰ ਦੇ"
ਤੇ ਇੱਕ ਇਹ ਸੀ ਜਿਹਨੇ ਲਿਖਿਆ ਸੀ ," ਮੈਂ ਆਪਣੇ ਘਰਦਿਆਂ ਦੀ ਮਰਜ਼ੀ ਤੋਂ ਬਿਨਾਂ ਇੱਕ ਕਦਮ ਵੀ ਨਹੀਂ ਪੁੱਟਣਾ" ਮੈਨੂੰ ਇਹਦਾ ਪਲੜਾ ਭਾਰੀ ਜਾਪਿਆ,
" ਜਿਹੜਾ ਆਪਣੇ ਮਾਪਿਆਂ ਦੀ ਕਦਰ ਕਰਦੈੈ, ਉਸੇ ਨੂੰ ਮੋਹ ਪਿਆਰ ਦਾ ਮਤਲਬ ਪਤਾ ਹੈ, ਬੱਸ ੳਹੀ ਕਦਰ ਕਰ ਸਕਦੈ ਹਰ ਰਿਸ਼ਤੇ ਦੀ, ੳਹੀ ਮੇਰੀ ਕਦਰ ਕਰੂਗਾ, ਜਿਹੜਾ ਪਾਲਣ-ਪੋਸਣ ਵਾਲੇ ਮਾਂ-ਪਿਓ ਨੂੰ ਏਦਾਂ ਛੱਡ ਸਕਦੈ, ਉਹ ਭਲਾ ਕੋਈ ਬੰਦੈ?"
ਮੈਂ ਗੂੜ੍ਹੀ ਗੂੜ੍ਹੀ 'ਹਾਂ' ਲਿਖੀ ਤੇ ਚੰਗੀ ਤਰ੍ਹਾਂ ਗੂੰਦ ਲਾ ਕੇ ਲਿਫਾਫਾ ਬੰਦ ਕਰ ਦਿੱਤਾ।ਤੜਕੇ ਦੇ ਤਿੰਨ ਵੱਜ ਚੁੱਕੇ ਸਨ।ਚੌਕੀਦਾਰ ਤੋਂ ਮੇਨ ਗੇਟ ਖੁਲ੍ਹਵਾਇਆ ਤੇ ਬਾਹਰ ਟਾਹਲੀ 'ਤੇ ਟੰਗੇ ਲੈਟਰਬਕਸ ਵਿੱਚ ਚਿੱਠੀ ਪਾ ਕੇ ਪੂਰੇ ਅਮਨ-ਚੈਨ ਨਾਲ ਸੌਂ ਗਈ।
ਜਾਰੀ ਸਫਾ4
4
ਹੁਣ ਉਹ ਮੈਨੂੰ ਰੋਜ਼ ਇੱਕ ਖਤ ਲਿਖਣ ਲੱਗਿਆ ਤੇ ਮੈਂ ਵੀ।ਬੈਂਚ ਉੱਤੇ ਹਰ ਦੁਪਹਿਰ ਖਿੱਲਰੇ ਚਿੱਟੇ, ਪੀਲੇ, ਨੀਲੇ ਪੱਤਰਾਂ,ਪੋਸਟਕਾਰਡਾਂ ਵਿੱਚ ਦਮਕਦਾ ਫੌਜੀ ਖਤ ਦੂਰੋਂ ਹੀ 'ਵਾਜਾਂ ਮਾਰਦਾ।ਸਭ ਸੀਨੀਅਰ ਜੂਨੀਅਰ ਕੁੜੀਆਂ ਮੇਰੇ ਵੱਲ ਹਸਰਤ ਭਰੀਆਂ ਨਿਗਾਹਾਂ ਨਾਲ ਤੱਕਦੀਆਂ।ਅਧਖੜ ਡਾਕੀਏ ਦੀ ਅੱਖ ਵਿੱਚ ਖਚਰੀ ਜਿਹੀ ਮੁਸਕਾਨ ਤਰਦੀ।ਮੈਂ ਖੁਸ਼ਬੋਆਂ ਦੀ ਬੁੱਕਲ ਮਾਰ ਕੇ ਉੱਡੀ ਫਿਰਦੀ।ੳਦੋਂ ਤਾਂ ਮੇਰੇ ਪੱਬ ਧਰਤੀ'ਤੇ ਟਿਕਦੇ ਹੀ ਨਹੀਂ ਸਨ।ਬੱਸ ਜਿਵੇਂ ਇੱਕ ਤਾਰੇ ਤੋਂ ਦੂਜੇ ਤਾਰੇ 'ਤੇ ਛਲਾਂਗਾਂ ਮਾਰਦੀ, ਕਦੀ ਚੰਦ ਦਾ ਟਿੱਕਾ ਲਾਉਂਦੀ, ਕਦੀ ਸੂਰਜ ਦਾ ਲੌਕਟ ਪਾਉਂਦੀ,ਕਿ ਇੱਕ ਦਿਨ ਅਚਾਨਕ ਕੰਡਿਆਲੀ ਪਥਰੀਲੀ ਧਰਤੀ'ਤੇ ਪਟੱਕ ਦੇ ਕੇ ਆ ਡਿੱਗੀ।
ਵਿਆਹ ਵਿੱਚ ਗਿਣਤੀ ਦੇ ਦਿਨ ਹੀ ਰਹਿ ਗਏ ਸਨ।ਸਾਕਾਂ ਸਕੀਰੀਆਂ ਵਿੱਚ ਗੰਢਾਂ ਘੱਲੀਆਂ ਜਾ ਚੁੱਕੀਆਂ ਸਨ ।ਮੈਂ ਮਾਂਈਂਏ 'ਤੇ ਹੀ ਪਹੁੰਚ ਸਕਣਾ ਸੀ। ਅੰਮੜੀ ਦੇ ਵਿਹੜੇ ਸ਼ਗਨਾਂ ਦੀ ਰੁੱਤ ਉੱਤਰੀ ਹੋਈ ਸੀ। ਲਾਗੀ ਦੱਥੀ ਭੱਜੇ ਫਿਰਦੇ ਸਨ।ਹਲਵਾਈ ਚੁਰਾਂ ਪੱਟ ਗਏ ਸਨ।ਤਾਈਆਂ ਚਾਚੀਆਂ ਸੁਹਾਗ ਗਾਉਂਦੀਆਂ ਕਣਕ ਛੱਟ ਰਹੀਆਂ ਸਨ, ਦਾਲ ਚੁਗ ਰਹੀਆਂ ਸਨ ਕਿ ਹੋਣ ਵਾਲੇ ਸਹੁਰਿਆਂ ਵਲੋਂ ਦਾਜ ਦੀ ਲਿਸਟ ਆ ਗਈ।
ਪਾਪਾ ਜੀ ਨੇ ੳਵੇਂ ਜਿਵੇਂ ਨੀਲਾ ਅੰਤਰਦੇਸ਼ੀ-ਪੱਤਰ ਮੈਨੂੰ ਪਟਿਆਲੇ ਭੇਜ ਦਿੱਤਾ ਤੇ ਬਾਹਰ ਲਿਖ ਦਿੱਤਾ,
" ਔਖੇ ਸੌਖੇ ਕਰ ਲਵਾਂਗੇ "
ਇਹ ਪੱਤਰ ਇੱਕ ਧਰਮੀ ਬਾਬਲ ਦੀ ਹੱਤਕ ਸੀ, ਮੁਹੱਬਤ ਦੀ ਬੇਇਜ਼ਤੀ ਸੀ, ਹੁਨਰ ਦਾ ਮਜ਼ਾਕ ਸੀ, ਧੀ ਦੇ ਧਨ ਦੀ ਹੇਠੀ ਸੀ।ਮੈਂ ਪੜ੍ਹਦੀ ਪੜ੍ਹਦੀ ਲਾਲ ਪੀਲੀ ਹੋ ਰਹੀ ਸਾਂ ਕਿ ਮੋਹਣਲਾਲ ਮੇਰੇ ਗੈਸਟ ਆਉਣ ਦਾ ਹੋਕਾ ਦੇਣ ਲੱਗਿਆ।
ਗੁਲਮੋਹਰ ਹੇਠਾਂ ਮੇਰਾ ਮੰਗੇਤਰ ਖੜ੍ਹਾ ਸੀ।ਆਉਂਦੇ ਨੇ ਹੀ ਪਿਕਚਰ ਚੱਲਣ ਲਈ ਆਖਿਆ।
ਮੈਂ ਸੋਚਿਆ, " ਜ਼ਖਮਾਂ 'ਤੇ ਮੱਲ੍ਹਮ ਲਾਉਣੀ ਚਾਹੁੰਦੈ '
ਇੰਟਰਵਲ ਵਿੱਚ ਠੰਡੇ ਠਾਰ ਗੋਲਡਸਪਾਟ ਦੀ ਬੋਤਲ ਫੜਾਉਂਦਾ ਬੋਲਿਆ,
" ਮੇਰੇ ਮਦਰ ਕਹਿੰਦੇ ਨੇ, ਕੜਿਆਂ ਦੀ ਜੋੜੀ ਪਾਇਓ, ਇੱਕ ਨਾਲ ਸਾਡੀ ਇੱਜ਼ਤ ਨੀ ਰਹਿਣੀ "
ਇਸਤੋਂ ਪਿੱਛੋਂ ਉਹਨੇ ਕੀ ਕਿਹਾ, ਮੈਨੂੰ ਕੁਝ ਨਹੀਂ ਸੁਣਿਆ।ਮੇਰੇ ਸੱਤੀਂ ਕਪੜੀਂ ਅੱਗ ਲੱਗ ਗਈ ਸੀ।
" ਚਲੋ ਹੌਸਟਲ ਚੱਲੀਏ ' ਮੈਂ ਸੀਟ ਤੋਂ ਉੱਠ ਖੜੋਤੀ।
" ਪੂਰੀ ਪਿਕਚਰ ਨਹੀਂ ਦੇਖਣੀ?"
" ਨਹੀਂ.."
" ਕੀ ਹੋ ਗਿਆ?.."
" ਤਬੀਅਤ ਠੀਕ ਨਹੀਂ "
ਹੌਸਟਲ ਆ ਕੇ ਉਹਨੇ ਵਾਰ ਵਾਰ ਮੇਰੇ ਇੰਜ ਗੁੰਮ-ਸੁੰਮ ਹੋ ਜਾਣ ਦਾ ਕਾਰਨ ਪੁੱਛਿਆ ।
ਪਰ ਮੇਰੀ ਜੀਭ ਵਿੱਚ ਮੇਖਾਂ ਠੁਕੀਆਂ ਹੋਈਆਂ ਸਨ।
" ਤੂੰ ਕੋਈ ਗੱਲ ਈ ਨੀ ਕਰਨੀ ਤਾਂ ਮੈਂ ਜਾਵਾਂ?"
ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ।ਉਹ ਉੱਠ ਕੇ ਤੁਰ ਪਿਆ।ਮੈਂ ਜਾਂਦੇ ਰਾਹੀ ਦੀ ਪਿੱਠ ਵੱਲ ਨੀਝ ਲਾ ਕੇ ਤੱਕਣ ਲੱਗੀ," ਮਨਾਂ!ਹੁਣ ਰੱਜ ਰੱਜ ਕੇ ਇਹਨੂੰ ਦੇਖ ਲੈ!ਮੁੜ ਕੇ ਇਹ ਸੂਰਤ ਦੇਖਣ ਨੂੰ ਨਹੀਂ ਮਿਲਣੀ"
ਮੈਂ ਉਹਨੂੰ ਹਮੇਸ਼ਾ ਲਈ ਮਨ'ਚ ਵਸਾ ਲੈਣਾ ਚਾਹੁੰਦੀ ਸਾਂ, ਮੈਂ ਉਹਨੂੰ ਹਮੇਸ਼ਾ ਲਈ ਮਨ 'ਚੋਂ ਉਖਾੜ ਦੇਣਾ ਚਾਹੁੰਦੀ ਸਾਂ।
ਉੱਪਰ ਕਮਰੇ ਵਿੱਚ ਜਾ ਕੇ ਮੈਂ ਮੂਧੇ ਮੂੰਹ ਡਿੱਗ ਪਈ।ਜਿੰਨਾ ਤੜਪ ਸਕਦੀ ਸੀ ਤੜਪੀ,ਜਿੰਨਾ ਰੋ ਸਕਦੀ ਸੀ ਰੋਈ। ਫਿਰ ਇਕਦਮ ਉੱਠੀ, ਰਗੜ ਰਗੜ ਕੇ ਅੱਖਾਂ ਪੂੰਝੀਆਂ ਤੇ 'ਆਖਰੀ ਖਤ' ਲਿਖਣ ਲੱਗੀ,
ਹੱਥੀਂ ਤੋਰੇ ਸੱਜਣ ਨੂੰ, ਉਹਦੇ ਪਿਤਾ ਨੂੰ, ਲਿਖਿਆ ਕਿ ਉਹ ਲਾਲਚ ਦੇ ਪੁਤਲੇ ਸਨ, ਕਿ ਆਪਣੇ ਜਿਗਰ ਦਾ ਟੁਕੜਾ ਦਾਨ ਕਰਨ ਵਾਲੇ ਇੱਕ ਇਮਾਨਦਾਰ ਸ਼ਖਸ ਨੂੰ ਆਰਥਿਕ/ਮਾਨਸਿਕ ਤਸੀਹੇ ਦੇ ਰਹੇ ਸਨ,ਕਿ ਉਹਨਾਂ ਨੂੰ ਰੱਬ ਦਾ ਕੋਈ ਡਰ ਭੌ ਨਹੀਂ ਸੀ,ਕਿ ਜ਼ਮੀਨ ਜਾਇਦਾਦ ਸਭ ਨੇ ਏਥੇ ਹੀ ਛੱਡ ਕੇ ਮਰ-ਮੁੱਕ ਜਾਣਾ ਹੈ,ਕਿ ਉਹਨਾਂ ਦੀ ਜ਼ਮੀਰ ਮਰ ਗਈ ਹੈ ਤੇ ਬੇਜ਼ਮੀਰੇ ਘਰ ਵਿੱਚ ਤਾਂ ਮੈਂ ਸ਼ਾਦੀ ਹੀ ਨਹੀਂ ਕਰਾਉਣੀ.. ਹੋਰ ਪਤਾ ਨਹੀਂ ਕੀ ਕੁਝ.. ਇੱਕ ਸਫਾ..ਦੋ ਸਫੇ..ਦਸ..ਵੀਹ .ਤੀਹ ਸਫੇ..ਇਹ ਖਤ ਨਹੀਂ ਕਾਗ਼ਜ਼ਾਂ ਦਾ ਵੱਡਾ ਸਾਰਾ ਪੁਲੰਦਾ ਸੀ, ਇੱਕ ਨਿੱਕਾ ਜਿਹਾ ਜ਼ਫਰਨਾਮਾ ਸੀ, ਜਿਹਨੂੰ ਮੈਂ ਇੱਕ ਵਾਰ ਵੀ ਮੁੜਕੇ ਨਹੀਂ ਪੜ੍ਹਿਆ, ਵੱਡੇ ਸਾਰੇ ਲਿਫਾਫੇ ਵਿੱਚ ਬੰਦ ਕਰਕੇ ਡਾਕੇ ਪਾ ਦਿੱਤਾ।ਆਪਣੇ ਪਿੰਡ ਤਾਰ ਭੇਜ ਦਿੱਤੀ,
" ਤਿਆਰੀਆਂ ਬੰਦ ਕਰ ਦਿਓ! ਮੈਂ ਇਹ ਵਿਆਹ ਨਹੀਂ ਕਰਨਾ .."
ਜਾਰੀ ਸਫਾ5
5
ਹੁਣ ਮੈਂ ਆਪਣੇ ਕਮਰੇ ਵਿੱਚ ਨਹੀਂ..ਖਿਲਾਅ ਵਿੱਚ ਸਾਂ. ...ਪੂਰੀ ਸੁੰਨ..ਨਾ ਕੋਈ ਸੋਚ..ਨਾ ਕੋਈ ਅਹਿਸਾਸ..ਨਾ ਜ਼ਿੰਦਗੀ ਨਾ ਮੌਤ..ਨਾ ਭੁੱਖ ਨਾ ਤੇਹ..ਮੁਕੰਮਲ ਖਾਲੀਪਨ..
ਇਹ ਹਾਲਤ ਦੋ ਦਿਨ ਹੋਰ ਰਹੀ ਤੇ ਉਹ ਗੈਸਟ ਰੂਮ ਵਿੱਚ ਮੇਰੇ ਸਾਹਮਣੇ ਖੜੋਤਾ ਸੀ,ਮੋਤੀਆ ਸਿਲਕ ਦੀ ਕਮੀਜ਼, ਉਨ੍ਹਾਬੀ ਪੱਗ ਵਿੱਚ ਦਗ ਦਗ ਕਰਦਾ ਮੱਥਾ।
" ਆਪਣੀਆਂ ਫਰੈਂਡਜ਼ ਨੂੰ ਲੈ ਲੈ! ਵਾਰਡਨ ਨੂੰ ਵੀ ਲੈ ਚੱਲ! ਜੇ ਕੋਈ ਲੋਕਲ ਗਾਰਡੀਅਨ ਨੇ ਤਾਂ ਉਹਨਾਂ ਨੂੰ ਬੁਲਾ ਲੈ! ਹੁਣੇ ਦੁੱਖ-ਨਿਵਾਰਨ ਸਾਹਿਬ ਚੱਲਣੈ! ਸਵਾ ਰੁਪੱਈਏ ਵਿੱਚ ਅਨੰਦ ਪੜ੍ਹਾਉਣੇ ਨੇ "
ਉਹ ਪੂਰੇ ਦਾਈਏ ਅਤੇ ਰੋਹਬ ਨਾਲ ਆਖ ਰਿਹਾ ਸੀ।
ਇਹ ਕੇਹੇ ਬੋਲ ਸਨ! ਜੋ ਮੇਰੇ ਅੰਦਰ ਜਲਤਰੰਗ ਛੇੜ ਰਹੇ ਸਨ।ਇਹ ਕੇਹੇ ਬੋਲ ਸਨ! ਜੋ ਮੈਨੂੰ ਸਖਤ ਨਾ ਮਨਜ਼ੂਰ ਸਨ! ਮੈਂ ਸੋਫੇ ਦੇ ਢੋਅ ਨੂੰ ਫੜ ਕੇ ਪੱਥਰ ਹੋਈ ਖੜ੍ਹੀ ਸੀ।
" ਏਦਾਂ ਕਿਵੇਂ ਹੋ ਸਕਦੈ..?" ਜਿਵੇਂ ਮੈਂ ਨਹੀਂ,ਮੇਰਾ ਬੁੱਤ ਫੁਸਫੁਸਾਇਆ।
" ਇਹ ਤਾਂ ਏਦਾਂ ਈ ਹੋਣੈਂ.." ਉਹਦੇ ਸਾਂਵਲੇ ਮੁਖ 'ਤੇ ਦ੍ਰਿੜ੍ਹਤਾ ਭਖ ਰਹੀ ਸੀ।
' ਅੱਛਾ ਬੈਠੋ ਤਾਂ ਸਹੀ!..ਚਾਹ..."
ਉਹਦੇ ਬਹਿਣ ਤੋਂ ਪਹਿਲਾਂ ਹੀ ਮੈਂ ਸੋਫੇ ਉੱਤੇ ਧੜੰਮ ਕਰਕੇ ਬਹਿ ਗਈ।
' ਨਹੀਂ ! ਮੈਂ ਆਪਣੀ ਮਦਰ ਨੂੰ ਕਹਿ ਆਇਆਂ ਕਿ ਤੁਹਾਡੀ ਨੂੰਹ ਨੂੰ ਲੈਣ ਚੱਲਿਐਂ,
ਸਵਾਗਤ ਦੀ ਤਿਆਰੀ ਕਰ ਲਓ"
" ਪਰ ਮੈਨੂੰ ਸੋਚਣ ਦਾ ਵਕਤ ਤਾਂ ਦਿਓ.."
" ਹੁਣ ਸੋਚਣ ਨੂੰ ਰਹਿ ਕੀ ਗਿਐ?"
" ਏਹੀ ਬਈ ਕਿਹਨੂੰ ਕਿਹਨੂੰ ਸੱਦਾਂ?'ਕੱਠੀਆਂ ਕਰਨ'ਚ ਥੋੜ੍ਹਾ ਟਾਈਮ ਤਾਂ ਲੱਗੂ "
ਮੈਂ ਜਿਵੇਂ ਵਕਤ ਨੂੰ ਫੜ ਰਹੀ ਸੀ, ਮੈਂ ਜਿਵੇਂ ਵਕਤ ਨੂੰ ਧੱਕਾ ਦੇ ਰਹੀ ਸੀ
" ਠੀਕ ਐ !ਸੋਚ ਲੈ ਦੋ ਮਿੰਟ " ਉਹ ਸਾਹਮਣੇ ਸੋਫੇ 'ਤੇ ਬੈਠ ਗਿਆ।
" ਹਾਇ ਰੱਬਾ! ਹੁਣ ਕੀ ਹੋਊ? ਮੇਰੇ ਨਿਰਦੋਸ਼ ਬਾਪ ਦੀ ਪੱਗ ਤਾਂ ਸੱਥ 'ਚ ਰੁਲ ਜੂਗੀ! ਆਪਣੇ ਪਿੰਡ ਈ ਨੀ, ਉਹਦੀ ਤਾਂ ਸਾਰੇ ਇਲਾਕੇ 'ਚ ਸਰਦਾਰੀ ਐ ! ਲੋਕ ਮੂੰਹ'ਚ ਛਿੱਬੀਆਂ ਦੇਣਗੇ,
ਤੋਇ ਤੋਇ ਕਰਨਗੇ! ਹਾੜ੍ਹਾ ਰੱਬਾ! ਬਹੁੜ ਕਿਤੋ! "
ਤੇ ਰੱਬ ਸੱਚਮੁਚ ਬਹੁੜ ਪਿਆ..ਸੱਚਮੁਚ ਬਹੁੜ ਪਿਆ ਰੱਬ..ਮੇਰੇ ਸਹੁਰਾ ਸਾਹਬ ਦਾ ਰੂਪ ਧਾਰ ਕੇ।ਪੁੱਤ ਦਾ ਫੈਸਲਾ ਸੁਣਦਿਆਂ ਹੀ ਮਾਂ ਨੇ ਬਾਪ ਦੇ ਦਫਤਰ ਬੰਦਾ ਭਜਾ ਦਿੱਤਾ ਸੀ ਤੇ ਉਹ ਚੰਡੀਗੜ੍ਹ ਤੋਂ ਮੋਟਰਸਾਈਕਲ 'ਤੇ ਤਾਬੜ-ਤੋੜ ਆ ਪਹੁੰਚਿਆ ਸੀ।
" ਓ ਬਈ ! ਥੋਡੀ ਬੀਬੀ ਤਾਂ ਐਵੇਂ ਲੋਕਾਂ ਦੀਆਂ ਗੱਲਾਂ 'ਚ ਆ 'ਗੀ ਸੀ, ਭੁੱਲ ਜੋ ਉਹ ਲਿਸਟ ਵਿਸਟ, ਤੁਸੀਂ ਜਿਵੇਂ ਕਹੋਂਗੇ ੳਵੇਂ ਈ ਵਿਆਹ ਕਰਾਂਗੇ, ਪਰ ਏਦਾਂ ਨਾ ਕਰੋ..'
ਉਹਨਾਂ ਦਾ ਇੱਕ ਇੱਕ ਲਫਜ਼ ਸ਼ਰਬਤ ਦੇ ਘੁੱਟ ਵਰਗਾ ਸੀ, ਮੈਂ ਹੌਲੀ ਫੁੱਲ ਹੋ ਗਈ।
" ਅਸੀਂ ਮਿਥੇ ਦਿਨ ਹੀ ਵਿਆਹੁਣ ਢੁਕਾਂਗੇ.."
ਹੱਸਦੇ ਮੁਸਕਾਂਦੇ ਪਿਓ-ਪੁੱਤ ਮੋਟਰਸਾਈਕਲ 'ਤੇ ਸਵਾਰ ਹੋ ਗਏ।
ਫਿਰ ਉਹ ਗੁਲਾਬੀ ਸੁਬਾਹ ਵੀ ਆ ਗਈ ਜਦੋਂ ਗੁਰੁ ਦੀ ਹਜ਼ੂਰੀ ਵਿੱਚ ਭਾਈ ਜੀ ਨੇ ਮੇਰੇ ਲਈ ਸ਼ਬਦ ਛੋਹਿਆ,
" ਪੱਲੇ ਤੈਂਡੇ ਲਾਗੀ......"
ਤੇ ਉਹ ਮਨ-ਚਾਹਿਆ ਪੱਲਾ ਮੈਂ ਹੁਣ ਤੱਕ ਘੁੱਟ ਕੇ ਫੜਿਆ ਹੋਇਆ ਹੈ।
so so beautiful...and enlightening..well done
ReplyDeleteਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀ ਹਾਂ ਰਮੇਸ਼ ਰਾਜਨ ਜੀਓ
Delete