
ਜ਼ਿੰਦਗੀ ਬਹੁਤ ਖੂਬਸੂਰਤ ਹੈ,ਜਿਉਣ-ਜੋਗੀ ਹੈ,ਮਾਨਣ-ਜੋਗੀ ਹੈ..ਬਹੁਤ ਕੁਝ ਹੈ ਏਥੇ,
ਰਿਸ਼ਤੇ-ਨਾਤੇ,ਪਿਆਰ-ਮੁਹੱਬਤ,ਹਾਸੇ-ਖੇੜੇ,ਗੀਤ-ਸੰਗੀਤ,ਬਾਗ-ਬਗੀਚੇ,ਝਰਨੇ-ਝੀਲਾਂ ਤੇ ਹੋਰ ਬਹੁਤ ਬਹੁਤ ਕੁਝ.. ਕੁਦਰਤ ਦੇ ਬੇਸ਼ੁਮਾਰ ,ਬੇਸ਼ਕੀਮਤੀ ਵਰਦਾਨ..ਤੇ ਇਹ ਜ਼ਿੰਦਗੀ ਜਿਉਣ ਲਈ,ਮਾਨਣ ਲਈ ਰੱਬ ਦਾ ਬਖਸ਼ਿਆ ਹੋਇਆ ਸਭ ਤੋਂ ਵੱਡਾ ਵਰਦਾਨ ਹੈ 'ਔਰਤ'..ਹਾਂ ਔਰਤ ,ਜਿਸ ਤੋਂ ਬਿਨਾਂ ਜ਼ਿੰਦਗੀ ਸੰਭਵ ਹੀ ਨਹੀਂ.. ਜਿਸ ਤੋਂ ਬਿਨਾਂ ਜ਼ਿੰਦਗੀ ਦੀ ਖੂਬਸੂਰਤੀ ਸੰਭਵ ਹੀ ਨਹੀਂ ..ਔਰਤ ਕਰਕੇ ਹੀ ਅਮੀਰ ਹੁੰਦੈ ਸੱਭਿਆਚਾਰ, ਉਹਦੇ ਕਰਕੇ ਹੀ ਮੌਲਦੀਆਂ ਨੇ ਸਭ ਕੋਮਲ-ਕਲਾਵਾਂ ,ਉਹਦੇ ਗੀਤ ਫਿਜ਼ਾਵਾਂ ਵਿੱਚ ਮਿਸ਼ਰੀ ਘੋਲਦੇ ਹਨ, ਉਹਦੇ ਗਿੱਧੇ ਧਰਤੀ ਨੂੰ ਧਮਕਾਰ ਦਿੰਦੇ ਨੇ ।ਔਰਤ, ਜੋ ਹਰ ਪਲ ਸਾਡੀ ਹਯਾਤੀ ਦੀ ਫੁਲਕਾਰੀ ਉੱਤੇ ਮੋਹ ਦੇ ਫੁੱਲ ਕੱਢਦੀ ਰਹਿੰਦੀ ਹੈ।
ਸਭ ਤੋਂ ਪਹਿਲਾਂ ਤਾਂ ਉਹ 'ਮਾਂ' ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦੀ ਹੈ..ਮਾਂ,ਜਿਸ ਤੋਂ ਬਿਨਾਂ ਅਸੀਂ ਹੋ ਹੀ ਨਹੀਂ ਸਕਦੇ।ਆਪਣੇ ਜਿਸਮ ਦਾ ਚੱਪਾ-ਚੱਪਾ ਖੋਰ ਕੇ ਉਹ ਸਾਡਾ ਵਜੂਦ ਘੜਦੀ ਹੈ,ਲਹੂ,ਮਾਸ, ਹੱਡੀਆਂ, ਦਿਲ,ਜਿਗਰ ਤੇ ਹੋਰ ਸਭ ਕੁਝ।ਇਹ ਸਾਰੇ ਕਾਰਜ ਕਰਦਿਆਂ ਉਹ ਖੁਦ ਕਿਹੋ ਜਿਹੀ ਟੁੱਟ-ਭੱਜ ਹੰਢਾਉਂਦੀ ਹੈ,ਇਸ ਦਾ ਮਰਦ ਤਾਂ ਅਹਿਸਾਸ ਹੀ ਨਹੀਂ ਕਰ ਸਕਦੇ।ਫਿਰ ਉਹ ਘੜੀ ਜਦੋਂ ਮਾਂ ਸਾਨੂੰ ਇਸ ਜੱਗ 'ਤੇ ਲਿਆਉਂਦੀ ਹੈ,ਪੀੜਾਂ ਉਹਦੇ ਅੰਗ-ਅੰਗ ਨੂੰ ਵੱਢਦੀਆਂ ਹਨ ,ਕੌਣ ਮਹਿਸੂਸ ਕਰ ਸਕਦੈ ਇਹਨਾਂ ਪੀੜਾਂ ਦੀ ਸ਼ਿੱਦਤ..?ਕੌਣ ਲੰਘ ਸਕਦੈ ਇਸ ਲਟ-ਲਟ ਬਲਦੀ ਭੱਠੀ ਵਿੱਚੋਂ..?ਇਕ ਮਾਂ ਤੋਂ ਸਿਵਾ?ਤੇ ਮਾਂ, ਬਾਲ ਦਾ ਮੁੱਖ ਦੇਖਦਿਆਂ ਹੀ ਸਭ ਕੁਝ ਭੁਲ-ਭੁਲਾ ਕੇ ਉਸਤੋਂ ਬਲਿਹਾਰੇ ਜਾਣ ਲੱਗਦੀ ਹੈ।ਆਪਣੀ ਛਾਤੀ ਵਿੱਚੋਂ ਅੰਮ੍ਰਿਤ ਦੇ ਘੁੱਟ ਪਿਆਉਂਦੀ ਖੁਦ ਨੂੰ ਜੰਨਤ ਦੀ ਟੀਸੀ 'ਤੇ ਬੈਠੀ ਮਹਿਸੂਸ ਕਰਦੀ ਹੈ।ਖੁਦ ਗਿੱਲੇ ਸੌਂ ਕੇ ਉਹਨੂੰ ਸੁੱਕਾ ਰੱਖਦੀ ਹੈ,ਖੁਦ ਭੁੱਖੀ ਰਹਿ ਕੇ ਉਹਨੂੰ ਰਜਾਉਂਦੀ ਹੈ ਤੇ ਜੇ ਕਦੀ ਉਹ ਬੀਮਾਰ ਹੋ ਜਾਵੇ ਤਾਂ ਸਾਰੀ-ਸਾਰੀ ਰਾਤ ਜਾਗ ਕੇ ਉਹੜ-ਪੋਹੜ ਕਰਦੀ ਹੈ,ਪੀਰ-ਫਕੀਰ ਧਿਆਉਂਦੀ ਹੈ। ਫਿਰ ਸਾਰੀ ਉਮਰ ਆਪਣੀ ਸਾਰੀ ਊਰਜਾ,ਆਪਣੀ ਸਾਰੀ ਅਕਲ,ਆਪਣੇ ਬੱਚੇ ਦੀ ਭਲਾਈ'ਤੇ ਹੀ ਖਰਚ ਕਰਦੀ ਰਹਿੰਦੀ ਹੈ। ਜਦੋਂ ਬੱਚਾ ਉਡਾਰ ਜਾਂਦੈ,ਉਹਨੂੰ ਲੋੜ ਨਹੀਂ ਰਹਿੰਦੀ ਮਾਂ ਦੇ ਇਹਨਾਂ ਸਹਾਰਿਆਂ ਦੀ,ਉਦੋਂ ਵੀ ਮਾਂ ਹਰ ਵੇਲੇ ਤਿਆਰ-ਬਰ-ਤਿਆਰ ਹੁੰਦੀ ਹੈ,ਆਪਣੇ ਬੱਚੇ ਦੀ ਜ਼ਰੂਰਤ ਪੂਰੀ ਕਰਨ ਲਈ,ਆਪਣੀ ਪੂਰੀ ਸਮਰੱਥਾ ਨਾਲ,ਉਹਦੀਆਂ ਅਸੀਸਾਂ ਹਰ ਪਲ, ਧੁੱਪਾਂ ਹੋਣ ਜਾਂ ਮੀਂਹ ਬਰਸੇ,ਛਤਰੀ ਬਣੀਆਂ ਰਹਿੰਦੀਆਂ ਨੇ।
ਤੇ ਇਹੋ ਜਿਹੀ ਮਾਂ ਦਾ ਰਿਣ ਕਿੰਜ ਮੋੜਦੇ ਹਾਂ ਅਸੀਂ?ਜਦੋਂ ਹੀ ਰਤਾ ਕੁ ਹੋਸ਼ ਸੰਭਾਲਦੇ ਹਾਂ, ਉਹਦੀ ਪਰਵਾਹ ਕਰਨੀ ਛੱਡ ਦਿੰਦੇ ਹਾਂ, ਕੌੜਾ-ਫਿੱਕਾ ਬੋਲਦੇ ਹਾਂ,ਉਹਨੂੰ ਅਹਿਸਾਸ ਕਰਾਉਂਦੇ ਹਾਂ ਕਿ ਉਹ ਤਾਂ ਕੁਝ ਹੈ ਹੀ ਨਹੀਂ,ਜੋ ਹਾਂ ਬੱਸ ਅਸੀਂ ਹਾਂ।ਉਹ ਮਾਂ,ਜੋ ਸਾਰਾ ਸਾਰਾ ਦਿਨ ਸਾਡੇ ਇੰਤਜ਼ਾਰ ਵਿੱਚ ਬੂਹੇ'ਤੇ ਟਿਕਟਿਕੀ ਲਾਈ ਬੈਠੀ ਰਹਿੰਦੀ ਹੈ,ਵਾਰ-ਵਾਰ ਗੇਟ ਖੜਕਣ ਦੀਆਂ ਬਿੜਕਾਂ ਲੈਂਦੀ ਹੈ,ਸਾਡੀ ਪੈੜ-ਚਾਲ ਉਡੀਕਦੀ ਹੈ, ਅਸੀਂ ਉਹਦੀਆਂ ਤਰਸਦੀਆਂ ਅੱਖਾਂ ਨਾਲ ਨਜ਼ਰਾਂ ਹੀ ਨਹੀਂ ਮਿਲਾਉਂਦੇ,ਉਹਦੇ ਨਾਲ ਦੋ ਬੋਲ ਸਾਂਝੇ ਕੀਤੇ ਬਿਨਾਂ ਹੀ ਅੱਗੇ ਲੰਘ ਜਾਂਦੇ ਹਾਂ. .ਤੇ ਕਈ ਕਲਯੁਗੀ-ਪੁੱਤ ਤਾਂ ਅਜੇਹੇ ਵੀ ਹੁੰਦੇ ਨੇ ਜਿਹੜੇ ਲੋਕਾਂ ਦੀ ਚੁੱਕ ਵਿੱਚ ਆ ਕੇ ਗਾਲਾਂ ਵੀ ਕੱਢ ਦਿੰਦੇ ਨੇ,ਜੀ ਹਾਂ..ਗਾਲਾਂ..ਉਹ ਵੀ ਉਹਨੂੰ,ਜਿਸ ਕਰਕੇ ਉਹ ਬੋਲਣ ਜੋਗੇ ਹੋਏ ਨੇ ,ਤੇ ਕਈ ਤਾਂ ਸਭ ਹੱਦਾਂ ਪਾਰ ਕਰ ਲੈਂਦੇ ਨੇ,ਹੱਥ ਵੀ ਚੁੱਕ ਲੈਂਦੇ ਨੇ ,ਉਹ ਵੀ ਉਸ ਉੱਤੇ, ਜਿਹਦੇ ਕਰਕੇ ਉਹਨਾਂ ਦੇ ਹੱਥ ਹੋਂਦ ਵਿੱਚ ਆਏ ਨੇ।
ਸ਼ੀਸ਼ੇ ਅੱਗੇ ਖੜੋ ਕੇ ਆਪਣੇ-ਆਪ ਨੂੰ ਪੁੱਛਣ ਦੀ ਲੋੜ ਹੈ ਕਿ ਸਾਨੂੰ ਕਿਹੋ ਜਿਹਾ ਵਰਤਾਂਅ ਕਰਨਾ ਚਾਹੀਦਾ ਹੈ ਮਮਤਾ ਦੀ ਉਸ ਮੂਰਤੀ ਨਾਲ ,ਜਿਹੜੀ ਸਾਡੇ ਕੰਡਾ ਚੁਭਦਿਆਂ ਹੀ ਪੀੜ ਨਾਲ ਤਿੜਕ ਜਾਂਦੀ ਹੈ, ਸਾਡੇ ਤੋਂ ਵਿੱਛੜਨਾ ਪਵੇ ਤਾਂ ਢਿੱਡ ਵਿੱਚ ਮੁੱਕੀਆਂ ਦੇ ਦੇ ਵਿਲਕਦੀ ਹੈ,ਜਿਹੜੀ ਆਖਰੀ ਸਾਹਾਂ ਤੱਕ ਸਾਡੇ ਲਈ ਝੋਲੀਆਂ ਅੱਡਦੀ ਰਹਿੰਦੀ ਹੈ ।ਸ਼ੀਸ਼ੇ ਵਿਚਲਾ ਸਾਡਾ ਅਕਸ ਹੀ ਸਾਨੂੰ ਸੱਚ ਦੀ ਰਾਹ ਦਿਖਾ ਦਏਗਾ।ਜਦੋਂ ਉਹ ਚਲੀ ਜਾਂਦੀ ਹੈ ਹਮੇਸ਼ਾ ਲਈ,ਕੋਈ ਮਤਲਬ ਨਹੀਂ ਭੁੱਬਾਂ ਮਾਰ-ਮਾਰ ਰੋਣ ਦਾ,ਲੋਕ-ਦਿਖਾਵੇ ਲਈ ਵੱਡੇ-ਵੱਡੇ ਅਡੰਬਰ ਕਰਨ ਦਾ।ਜੋ ਕਰਨਾ ਹੈ ਉਸਦੇ ਜਿਉਂਦੀ ਤੋਂ ਕਰੀਏ,ਜਿਸ ਨਾਲ ਉਹਦੇ ਹੰਭੇ-ਹੁੱਟੇ ਸਰੀਰ ਨੂੰ ਚੈਨ ਨਸੀਬ ਹੋਵੇ,ਜਿਸ ਨਾਲ ਉਹਦੇ ਤਪਦੇ ਕਾਲਜੇ ਨੂੰ ਠੰਢਕ ਮਿਲੇ,ਉਹਦੀਆਂ ਬੁਝਦੀਆਂ ਅੱਖਾਂ ਵਿੱਚ ਕੋਈ ਕਿਰਨ ਆਲ੍ਹਣਾ ਪਾਵੇ,
' ਜ਼ਖਮਾਂ ਲਈ ਜੋ ਮੱਲ੍ਹਮ ਹੁੰਦੀਆਂ,ਧੁੱਪਾਂ ਦੇ ਵਿੱਚ ਛਾਵਾਂ
ਲੱਖ ਆਵਾਜ਼ਾਂ ਮਾਰੋ,ਜਾ ਕੇ ਫੇਰ ਨਾ ਆਉਂਦੀਆਂ ਮਾਵਾਂ '
ਜ਼ਿੰਦਗੀ ਦੇ ਸਫਰ ਵਿੱਚ ਔਰਤ 'ਭੈਣ' ਬਣਕੇ ਵੀ ਮਿਲਦੀ ਹੈ ਸਾਨੂੰ ,ਇਕ ਬਖਸ਼ਿਸ਼ ਦੀ ਤਰ੍ਹਾਂ ..ਭੈਣ, ਜਿਹੜੀ ਆਪਣੇ ਵੀਰ ਦੇ ਸਾਹਾਂ ਵਿੱਚ ਸਾਹ ਲੈਂਦੀ ਹੈ..ਉਹਦਾ ਹਰ ਨਿੱਕਾ-ਮੋਟਾ ਕੰਮ ਭੱਜ-ਭੱਜ ਕੇ ਕਰਦੀ ਹੈ.. ਹੱਥੀਂ ਰੋਟੀ ਬਣਾ ਕੇ ਉਹਨੂੰ ਖੁਆਉਂਦੀ ਹੋਈ ਹੀ ਆਪ ਰੱਜ ਜਾਂਦੀ ਹੈ,
'ਵੀਰੇ ਦੇ ਫੁਲਕੇ ਨੂੰ, ਨੀਂ ਮੈਂ ਖੰਡ ਦਾ ਪਲੇਥਣ ਲਾਵਾਂ'
ਇਹ ਸਿਰਫ ਫੁਲਕਾ ਬਣਾਉਣ ਦੀ ਗੱਲ ਨਹੀਂ, ਉਸ ਤ੍ਰਿਪਤੀ,ਉਸ ਅਨੰਦ ਦੀ ਗੱਲ ਹੈ,ਜਿਹੜੀ ਇਕ ਭੈਣ ਆਪਣੇ ਭਰਾ ਨੂੰ ਦੇਣਾ ਚਾਹੁੰਦੀ ਹੈ।ਭੈਣ ਹਰ ਉਹ ਕੁਝ ਕਰਦੀ ਹੈ ਜਿਸ ਨਾਲ ਉਹਦੇ ਅੰਮਾਜਾਏ ਨੂੰ ਖੁਸ਼ੀ ਮਿਲੇ । ਕਦੀ ਰੱਖੜੀ ਬੰਨ੍ਹਦੀ,ਕਦੀ ਟਿੱਕਾ ਲਾਉਂਦੀ,ਕਦੀ ਜੌਂ ਟੰਗਦੀ,ਉਹਦੇ ਲਈ ਸੱਤਾਂ ਜਹਾਨਾਂ ਦੀਆਂ ਨਿਹਮਤਾਂ ਮੰਗਦੀ ਹੈ।ਸਿਰਫ ਇਕ ਸਾਲ ਨਹੀਂ,ਹਰ ਸਾਲ,ਇਹ ਮੋਹ-ਪਿਆਰ ਦੀ ਗੰਢ ਹੋਰ ਮਜ਼ਬੂਤ ਹੁੰਦੀ ਜਾਂਦੀ ਐ।
ਭਰਾ ਦੇ ਵਿਆਹ ਦਾ ਜਿੰਨਾ ਚਾਅ ਭੈਣ ਨੂੰ ਹੁੰਦਾ ਹੈ, ਹੋਰ ਕਿਸੇ ਨੂੰ ਹੋ ਹੀ ਨਹੀਂ ਸਕਦਾ। ਘੋੜੀਆਂ ਗਾਉਂਦੀ,ਲੱਖਾਂ ਰੀਝਾਂ ਨਾਲ ਉਹਦੇ ਸਿਹਰਾ ਬੰਨ੍ਹਦੀ,ਤੇ ਭਾਬੋ ਆਉਣ'ਤੇ ਨੱਚ-ਨੱਚ ਧਰਤੀ ਪੱਟਦੀ ਉਹ ਰੁਮਕਦੀਆਂ ਪੌਣਾਂ ਵਿੱਚ ਸ਼ਗਨਾਂ ਦੇ ਲਹਿਰੀਏ ਬੁਣ ਦਿੰਦੀ ਹੈ ,
' ਸੋਨੇ ਭਰੀ ਪਰਾਂਤ,
ਅੱਜ ਮੇਰੇ ਵੀਰੇ ਦੀ ਸ਼ਗਨਾਂ ਵਾਲੀ ਰਾਤ..'
ਤੇ ਜਦੋਂ ਆਪ ਡੋਲੀ ਚੜ੍ਹ ਕੇ ਕਿਸੇ ਹੋਰ ਖਾਨਦਾਨ ਦੀ ਬੰਨੋ ਬਣਦੀ ਹੈ,ਤਾਂ ਉੱਥੇ ਵੀ ਆਪਣੇ ਭਰਾ ਦੇ ਘਰ-ਪਰਿਵਾਰ ਨੂੰ ਰੰਗ-ਭਾਗ ਲੱਗਣ ਲਈ ਮੰਨਤਾਂ ਮੰਨਦੀ ਹੈ, ਅੰਮਾ-ਜਾਏ ਦੀ ਉਡੀਕ ਵਿੱਚ ਬਨੇਰਿਆਂ ਤੋਂ ਕਾਗ ਉਡਾਉਂਦੀ ਹੈ,ਔਸੀਆਂ ਪਾਉਂਦੀ ਹੈ,
' ਉਡਦਾ ਤੇ ਜਾਈਂ ਕਾਵਾਂ!ਬਹਿੰਦੜਾ ਜਾਈਂ ਵੇ!
ਬਹਿੰਦੜਾ ਜਾਈਂ ਮੇਰੇ ਪੇਕੜੇ
ਇੱਕ ਤਾਂ ਦੱਸੀਂ ਕਾਵਾਂ!ਵੀਰ ਮੇਰੇ ਨੂੰ
ਆਊਗਾ ਨੀਲਾ ਘੋੜਾ ਪੀੜ ਕੇ, ਮੈਂ ਵਾਰੀ ..'
ਤਾਂ ਹੀ ਤਾਂ ਕਹਿੰਦੇ ਨੇ ,
'ਭੈਣਾਂ ਵਰਗਾ ਸਾਕ ਨਾ ਕੋਈ ,ਰੁੱਸ ਕੇ ਨਾ ਬਹਿ ਜੀਂ ਵੀਰਨਾ'
ਤੇ ਇਹੋ ਜਿਹੀ ਭੈਣ ਨਾਲ ਅਕਸਰ ਕੀ ਕਰਦੇ ਹਾਂ ਅਸੀਂ?ਹਰ ਵਕਤ ਉਹਦੇ ਉੱਤੇ ਰੋਹਬ ਪਾ ਕੇ ਉਹਨੂੰ ਛੁਟਿਆਉਣ ਦੀ ਕੋਸ਼ਿਸ਼ ਕਰਦੇ ਹਾਂ,ਚਾਹੁੰਦੇ ਹਾਂ ਕਿ ਅਸੀਂ ਤਾਂ ਸਿਰਫ ਖੇਡੀਏ ਤੇ ਪੜ੍ਹੀਏ,ਇਕੱਲੀ ਉਹ ਹੀ ਪੜ੍ਹਾਈ ਦੇ ਨਾਲ-ਨਾਲ ਘਰ ਦੇ ਧੰਧੇ ਕਰੇ ਤੇ ਸਾਡੇ ਵੀ..।ਭੁੱਲ ਜਾਂਦੇ ਹਾਂ ਕਿ ਉਹਦਾ ਚਿੱਤ ਵੀ ਖੇਡਣ-ਮੱਲ੍ਹਣ ਨੂੰ ਕਰਦਾ ਹੈ,ਉਹਦੀ ਵੀ ਕੋਈ ਚਾਹਤ ਹੈ ।ਸਾਡੇ ਵਿੱਚੋਂ ਬਹੁਤੇ ਤਾਂ ਉਹਦੀਆਂ ਚੀਜ਼ਾਂ ਉੱਤੇ ਵੀ ਆਪਣਾ ਹੱਕ ਸਮਝਦੇ ਨੇ। ਕਾਨੂੰਨ ਨੇ ਜੇ ਧੀ ਨੂੰ ਮਾਪਿਆਂ ਦੀ ਜਾਇਦਾਦ ਵਿਚੋਂ ਬਰਾਬਰ ਹਿੱਸੇ ਦਾ ਅਧਿਕਾਰ ਦਿੱਤੈ ਤਾਂ ਉਹ ਕਿੱਥੇ ਮਿਲਦੈ ਉਹਨੂੰ?ਭਰਾ,ਦੂਜੇ ਭਰਾ ਨਾਲ ਜਾਂ ਜਿੰਨੇ ਵੀ ਭਰਾ ਹੋਣ ਆਪਸ ਵਿੱਚ ਹਿੱਸਾ ਵੰਡਣ ਵਿੱਚ ਲਈ ਤਿਆਰ ਹੁੰਦੇ ਨੇ,ਪਰ ਭੈਣ ਨੂੰ ਖੁਸ਼ੀ ਖੁਸ਼ੀ ਹਿੱਸਾ ਦੇਣਾ..ਕਿਸੇ ਪਰੀ-ਕਥਾ ਵਰਗੀ ਗੱਲ ਹੈ..ਚਾਹੇ ਭਰਾ ਨੇ ਆਪਣੀ ਇਕਲੌਤੀ ਭੈਣ ਨਾਲ ਹੀ ਜਾਇਦਾਦ ਵੰਡਣੀ ਹੋਵੇ।ਭੈਣ ਨੇ ਤਾਂ ਕਚਹਿਰੀ ਵਿੱਚ ਆਪਣੇ ਭਰਾਵਾਂ ਲਈ ਜਾਇਦਾਦ ਛੱਡਣ ਦਾ ਹੀ ਬਿਆਨ ਦੇਣਾ ਹੁੰਦੈ,ਤੇ ਉੱਤੋਂ ਇਹ ਵੀ ਕਹਿਣਾ ਹੁੰਦੈ ਕਿ ਉਹ ਇਹ ਸਭ ਆਪਣੀ ਖੁਸ਼ੀ ਨਾਲ ਕਰ ਰਹੀ ਹੈ।ਜੇ ਕੋਈ ਕੁੜੀ ਇੰਜ ਨਾ ਕਰੇ ਤਾਂ ਭਰਾ-ਭਾਬੀਆਂ,ਭਤੀਜੇ ਭਤੀਜੀਆਂ,ਸਭ ਛੁੱਟ ਜਾਣਾ ਹੈ ਉਹਦੇ ਕੋਲੋਂ..ਉਹਦੇ ਵਿਚਾਰੀ ਦੇ ਤਾਂ ਪੇਕੇ ਹੀ ਖਤਮ ਹੋ ਜਾਣੇ ਨੇ..ਤੇ ਉਹ, ਜਿਹੜੀ ਹਮੇਸ਼ਾ ਆਪਣੇ ਅੰਮੀ-ਜਾਇਆਂ ਨੂੰ ਦੇਖ-ਦੇਖ ਕੇ ਜਿਉਂਦੀ ਹੈ,ਉਹਨਾਂ ਨੂੰ ਗੁਆ ਦੇਣ ਬਾਰੇ ਤਾਂ ਕਦੀ ਚਿਤਵ ਹੀ ਨਹੀਂ ਸਕਦੀ।
ਜਿਹੜੇ ਵੀ ਭੈਣਾਂ ਨਾਲ ਇਸ ਤਰ੍ਹਾਂ ਪੇਸ਼ ਆਉਂਦੇ ਨੇ,ਉਹਨਾਂ ਨੂੰ ਆਪਣੇ ਸਿਰਜਣਹਾਰ ਨੂੰ,ਆਪਣੀ ਜ਼ਮੀਰ ਨੂੰ ਹਾਜ਼ਰ-ਨਾਜ਼ਰ ਸਮਝ ਕੇ ਖੁਦ ਤੋਂ ਜ਼ਰੂਰ ਪੁੱਛਣਾ ਚਾਹੀਦਾ ਹੈ ਕਿ ਜਿਹੋ ਜਿਹਾ ਅਪਣੱਤ-ਭਰਿਆ ਵਰਤਾਓ ਉਹਨਾਂ ਦੀ ਭੈਣ ਉਹਨਾਂ ਨਾਲ ਕਰਦੀ ਹੈ, ਆਖਿਰ ਉਹ ਕਿਉਂ ਨਹੀਂ ਕਰਦੇ? ਜਿਵੇਂ ਭੈਣ ਉਹਨਾਂ ਤੋਂ ਸਦਕੜੇ ਜਾਂਦੀ ਹੈ,ਉਹ ਕਿਉਂ ਨਹੀਂ ਜਾਂਦੇ?ਇਹ ਚਿੱਟੇ ਦੁੱਧ ਵਾਂਗ ਨਿੱਖਰਵਾਂ ਸੱਚ ਹੈ ਕਿ ਜੇ ਭਰਾ ਵੀ ਆਪਣੇ ਅੰਤਾਕਰਣ ਨੂੰ ਨਿਰਮਲ ਜਜ਼ਬਾਤਾਂ ਦੇ ਗੰਗਾਜਲ ਨਾਲ ਧੋ ਲੈਣਗੇ ਤਾਂ ਇੱਕ ਸੁਨੱਖੀ ਪੂਰਨਤਾ ਦਾ ਅਹਿਸਾਸ ਹੋਏਗਾ,ਬੇਚੈਨੀਆਂ ਦੇ ਹਨ੍ਹੇਰੇ ਵਿੱਚ ਤਾਰਿਆਂ ਦੀ ਲੋਅ ਲਿਸ਼ਕੇਗੀ।
ਤੇ ਜੇ ਕਿਤੇ ਕਿਸੇ ਭੈਣ ਦੇ ਦਿਲ-ਦਰਪਣ 'ਤੇ ਵੀ ਖੁਦਗਰਜ਼ੀ ਦੀ ਧੂੜ ਜੰਮ ਗਈ ਹੋਵੇ ਤਾਂ ਸੁੱਚੇ ਭਰੱਪਣ ਦੇ ਮਖਮਲੀ ਰੁਮਾਲ ਨਾਲ ਪੂੰਝ ਲਵੇ।ਫਿਰ ਦੇਖਣਾ! ਆਪਸੀ ਸਾਂਝ ਦੇ ਚਸ਼ਮੇ ਫੁੱਟਣਗੇ.ਕਿਤੇ ਕੋਈ ਗਿਲਾ ਸ਼ਿਕਵਾ ਨਹੀਂ ਹੋਏਗਾ.ਕਿਤੇ ਕੋਈ ਤਲਖ-ਕਲਾਮੀ ਨਹੀਂ ਹੋਏਗੀ,ਤੇ ਸਾਰਿਆਂ ਦੀ ਜ਼ਿੰਦਗੀ ਸਕੂਨ ਦੇ,ਸੁਹੱਪਣ ਦੇ ਗੁਲਾਬਾਂ ਨਾਲ ਮਹਿਕਣ ਲੱਗ ਪਵੇਗੀ।
ਤੇ ਫਿਰ ਆਉਂਦਾ ਹੈ ਔਰਤ ਦਾ ਹੋਰ ਵੀ ਹੁਸੀਨ ਰੂਪ,ਹੁਸਨ ਬਣ ਕੇ,ਮੁਹੱਬਤ ਬਣਕੇ, 'ਪਤਨੀ' ਬਣ ਕੇ..ਪਤਨੀ, ਜੋ ਆਪਣੇ ਮਾਂ-ਬਾਪ,ਭੈਣਾਂ-ਭਰਾ ,ਸਖੀਆਂ-ਸਹੇਲੀਆਂ ਨੂੰ ਰੋਂਦੇ-ਕੁਰਲਾਉਂਦੇ ਛੱਡ , ਸਿਹਰੇਵਾਲੇ ਦਾ ਲੜ ਫੜ ਕੇ ਭਿੱਜੀਆਂ ਅੱਖਾਂ ਨਾਲ ਪੇਕੇ-ਪਿੰਡ ਦੀ ਜੂਹ ਨੂੰ ਅਲਵਿਦਾ ਕਹਿ ਦਿੰਦੀ ਹੈ ਤੇ ਤੁਰ ਪੈਂਦੀ ਹੈ ਬਿਲਕੁਲ ਅਣਜਾਣੇ ਘਰ ਵੱਲ,ਅਜਨਬੀ ਦੇਸ ਵੱਲ..ਜਿੱਥੋਂ ਦੇ ਰਸਮ-ਰਿਵਾਜ,ਬਹਿਣ-ਉੱਠਣ,ਖਾਣ-ਪੀਣ ਬਿਲਕੁਲ ਵੱਖਰਾ ਹੁੰਦਾ ਹੈ ਉਸ ਘਰ ਨਾਲੋਂ, ਜਿੱਥੇ ਉਹਨੇ ਆਪਣੀ ਉਮਰ ਗੁਜ਼ਾਰੀ ਹੁੰਦੀ ਹੈ।ਨਾ ੳਹਨੂੰ ਨਵੇਂ ਘਰ ਦੇ ਜੀਆਂ ਦੀਆਂ ਆਦਤਾਂ ਪਤਾ ਹੁੰਦੀਆਂ ਨੇ,ਨਾ ਉਹਨਾਂ ਦਾ ਸੁਭਾਅ..ਉੱਤੋਂ ਆਪਣਿਆਂ ਦੇ ਵਿਛੋੜੇ ਦੀ ਟੀਸ, ਤੇ ਇਸ ਵੇਲੇ ਉਹਦੇ ਤੋਂ ਤਵੱਕੋ ਕੀਤੀ ਜਾਂਦੀ ਹੈ ਕਿ ਉਹ ਬਿਲਕੁਲ ਸਾਡੀ ਮਰਜ਼ੀ ਮੁਤਾਬਿਕ ਵਿੱਚਰੇ 'ਮਰਜ਼ੀ',ਜਿਹਦੇ ਬਾਰੇ ਉਹ ਅਣਭੋਲ ਜਿੰਦ ਅਜੇ ਕੁਝ ਜਾਣਦੀ ਹੀ ਨਹੀਂ ਹੁੰਦੀ..ਤੇ ਫਿਰ ਉਸ ਵਿਚਾਰੀ ਵਿੱਚ ਨੁਕਸ ਕੱਢੇ ਜਾਂਦੇ ਨੇ,ਗੱਲੇ-ਕਥੇ ਟੋਕਿਆ ਜਾਂਦਾ ਹੈ..ਸਿਰਫ ਐਨਾ ਹੀ ਨਹੀਂ,ਕੁਝ ਸਹੁਰੇ-ਪਰਿਵਾਰਾਂ ਵਿੱਚ ਤਾਂ ਤਾਹਨੇ-ਮਿਹਣੇ ਦਿੱਤੇ ਜਾਂਦੇ ਨੇ ,ਦਾਜ ਘੱਟ ਜਾਂ ਘਟੀਆ ਲਿਆਉਣ ਬਾਰੇ,ਕੋਸਿਆ ਜਾਂਦਾ ਹੈ ਉਸਦੇ ਪੇਕਿਆਂ ਨੂੰ,ਜਿਹਨਾਂ ਹਰ ਔਖ-ਸੌਖ ਸਹਾਰ ਕੇ ਪਾਈ-ਪਾਈ ਆਪਣੀ ਲਾਡਲੀ ਤੋਂ ਵਾਰ ਦਿੱਤੀ ਹੁੰਦੀ ਹੈ..ਏਥੇ ਹੀ ਬੱਸ ਨਹੀਂ,ਕੁਝ ਜਰਵਾਣੇ ਤਾਂ ਮਾਰ-ਕੁੱਟ ਵੀ ਕਰਦੇ ਨੇ ਉਸ ਨਿਰਦੋਸ਼ ਨਾਲ, ਮਾਰ-ਕੁੱਟ ਹੀ ਕਿੱਥੇ,ਸਾੜ ਦਿੰਦੇ ਨੇ ਉਹਨੂੰ, ਜ਼ਹਿਰ ਦੇ ਦਿੰਦੇ ਨੇ ਜਾਂ ਏਹੋ ਜਿਹੀ ਦੁਰਗਤ ਕਰਦੇ ਨੇ ਕਿ ਉਹਨੂੰ ਮੌਤ ਦੇ ਦਰ ਪਨਾਹ ਲੈਣ ਤੋਂ ਸਿਵਾ ਹੋਰ ਕੋਈ ਰਾਹ ਹੀ ਨਹੀਂ ਲੱਭਦਾ ,
' ਮਹਿੰਦੀ ਹੋ ਗਈ ਛਾਲਾ-ਛਾਲਾ,ਟੁੱਟ ਗਿਆ ਰੱਤਾ ਚੂੜਾ
ਰਾਤੀਂ ਰੋਂਦੀ ਦਾ ਭਿੱਜ ਗਿਆ ਲਾਲ ਪੰਘੂੜਾ'
ਤੇ ਜਿੱਥੇ ਹਾਲਾਤ ਇਹੋ ਜਿਹੇ ਨਾ ਵੀ ਹੋਣ , ਸਿਰਫ ਜੀਵਨਸਾਥੀ ਨਾਲ ਹੀ ਜ਼ਿੰਦਗੀ ਬਤੀਤ ਕਰਨੀ ਹੋਵੇ ਤਾਂ ਵੀ ਮਰਦਊ ਹਉਮੈਂ ਸੁਫਨਿਆਂ ਦੀ ਸਤਰੰਗੀ ਪੀਂਘ ਨੂੰ ਕੜੱਕ ਕਰ ਕੇ ਤੋੜ ਦਿੰਦੀ ਹੈ।ਚਾਹੇ ਉਹ ਪਤੀ ਦੇ ਨਾਲ ਹੀ ਥੱਕੀ-ਹਾਰੀ ਡਿਊਟੀ ਤੋਂ ਪਰਤੀ ਹੋਵੇ ਤਾਂ ਵੀ ਪਤੀ ਨੂੰ ਉਹਦੇ ਨਾਲ ਨਿੱਕਾ-ਮੋਟਾ ਹੱਥ ਵਟਾਉਂਣਾ ਆਪਣੀ ਹੱਤਕ ਲੱਗਦਾ ਹੈ। ਉਹ ਚਾਹੁੰਦਾ ਹੈ ਕਿ ਹੁਣ ਇਹ ਮੇਰੀ ਸੇਵਾ ਕਰੇ, ਰਿੰਨ੍ਹੇ-ਪਕਾਵੇ ,ਬੱਚਿਆਂ ਨੂੰ ਸਾਂਭੇ ਤੇ ਹੋਰ ਜ਼ਿੰਮੇਵਾਰੀਆਂ ਨਿਭਾਵੇ, ਮੇਰਾ ਹੱਕ ਤਾਂ ਟੀ.ਵੀ ਦੇਖਣਾ ਜਾਂ ਆਰਾਮ ਕਰਨਾ ਹੈ ।ਉਹਨੂੰ ਖਿਆਲ ਤੱਕ ਨਹੀਂ ਆਉਂਦਾ ਕਿ ਇਹ ਵੀ ਹੱਡ-ਮਾਸ ਦੀ ਬਣੀ ਹੋਈ ਹੈ,ਇਹਦੇ ਵਿੱਚ ਵੀ ਜਿੰਦ-ਜਾਨ ਹੈ,ਕੋਈ ਮਸ਼ੀਨ ਨਹੀਂ ਹੈ। ਗੁਲਾਬੀ ਸੱਧਰਾਂ ਦਾ ਰੇਸ਼ਮੀ ਸਾਲੂ ਸਿਰ'ਤੇ ਲੈ ਕੇ ਆਈ ਵਹੁਟੀ, ਜਿਹੜੀ ਆਪਣੇ ਮਾਹੀ ਲਈ ਜਾਨ ਤੱਕ ਹਾਜ਼ਰ ਕਰ ਦਿੰਦੀ ਹੈ,ਉਹਨੂੰ ਸੁੱਖ-ਆਰਾਮ ਦੇਣ ਲਈ ਆਪਣਾ ਸੁੱਖ ਭੁੱਲ ਜਾਂਦੀ ਹੈ,ਕਦੀ ਕਰਵਾ-ਚੌਥ ਦਾ ਵਰਤ ਰੱਖਦੀ ਹੈ,ਕਦੀ ਮੰਦਿਰਾਂ-ਗੁਰਦੁਆਰਿਆਂ ਵਿੱਚ ਉਹਦੀ ਲੰਮੀ ਉਮਰ ਲਈ ਮੱਥੇ ਟੇਕਦੀ ਹੈ,ਹਰ ਹਬੀ-ਨਬੀ ਵਿੱਚ ਉਹਦੇ ਅੰਗ-ਸੰਗ ਰਹਿੰਦੀ ਹੈ,ਮਾਹੀ ਕੋਲ ਉਹਦੇ ਲਈ ਪਿਆਰ ਭਿੱਜੇ ਦੋ ਸ਼ਬਦ ਵੀ ਨਹੀਂ ਹੁੰਦੇ,ਤੇ ਜੇ ਅਗਲਾ ਸ਼ਰਾਬੀ-ਕਬਾਬੀ ਹੋਵੇ,ਨਿਖੱਟੂ-ਨਸ਼ੇੜੀ ਹੋਵੇ ਫਿਰ ਤਾਂ ਉਸ ਉੱਤੇ ਮੁਸੀਬਤਾਂ ਦੇ ਹਿਮਾਲੀਆ ਟੁੱਟ ਪੈਂਦੇ ਨੇ।
ਬੇਸ਼ੱਕ ਸਾਰੇ ਪਤੀ ਇਹੋ ਜਿਹੇ ਨਹੀਂ,ਕਈ ਸੱਚਮੁਚ 'ਏਕ ਜੋਤ ਦੋਇ ਮੂਰਤੀ' ਹੋ ਕੇ ਵਿਚਰਦੇ ਹਨ,ਜੀਵਨ-ਸਾਥਣ ਦੇ ਦੁੱਖ-ਸੁੱਖ ਦਾ,ਉਹਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹਨ,ਪਰ ਜਿਹੜੇ ਲਾਵਾਂ-ਫੇਰਿਆਂ ਵੇਲੇ ਕੀਤੇ ਬਚਨਾਂ ਨਾਲ ਗਦਾਰੀ ਕਰ ਰਹੇ ਹਨ, ਉਹਨਾਂ ਨੂੰ ਆਤਮ-ਪੜਚੋਲ ਕਰਨ ਦੀ ਜ਼ਰੂਰਤ ਹੈ,ਆਪਣਾ ਸਲੂਕ ਸੁਖਾਵਾਂ ਕਰਕੇ ਮਨਾਂ ਦੇ ਮਾਰੂਥਲਾਂ ਵਿੱਚ ਕਿਣਮਿਣੀ ਬਾਰਿਸ਼ ਕਰਨ ਦੀ ਲੋੜ ਹੈ।
ਤੇ ਜੇ ਕਿਤੇ ਕੋਈ ਪਤਨੀ ਵੀ ਕਿਸੇ ਆਧੁਨਿਕੀਕਰਨ ਦੇ ਨਾਗਵਸ ਫਰਜ਼ਾਂ ਦੀ ਲੀਹ ਤੋਂ ਉੱਤਰ ਗਈ ਹੋਵੇ ਤਾਂ ਮੁਹੱਬਤ ਦੀ ਸੁਹੰਢਣੀ ਮਿੱਟੀ ਨਾਲ ਗ੍ਰਹਿਸਤੀ ਦੀਆਂ ਤਰੇੜਾਂ ਲਿੱਪ ਲਵੇ ਤਾਂ ਕਿ ਦੋਵੇਂ ਜੀਅ ਸਹੀ ਅਰਥਾਂ ਵਿੱਚ ਇੱਕ ਦੂਜੇ ਦਾ ਖੂਬਸੂਰਤ ਹਿੱਸਾ ਹੋ ਜਾਣ ,
' ਤੈਨੂੰ ਤਾਪ ਚੜ੍ਹੇ ਮੈਂ ਹੂੰਗਾਂ,ਤੇਰੀ ਮੇਰੀ ਇੱਕ ਜਿੰਦੜੀ'
ਤਾਂ ਕਿ ਸੱਚਮੁਚ ਸਵਰਗ ਉਹਨਾਂ ਦੇ ਬਨੇਰੇ ਉੱਤੇ ਉੱਤਰ ਆਵੇ,ਉਸ ਸੁਲੱਖਣੇ ਵਿਹੜੇ ਵਿੱਚੋਂ ਸੱਚਮੁਚ ਹਾਸਿਆਂ ਦਾ ਸੰਗੀਤ ਗੂੰਜੇ,ਬਾਲ ਕਿਲਕਾਰੀਆਂ ਮਾਰਨ ਅਤੇ ਰਿਸ਼ਤੇਦਾਰ-ਦੋਸਤ ਇਹੋ ਜਿਹੇ ਘਰ ਵਿੱਚੋਂ ਪ੍ਰੇਮ-ਪਿਆਰ ਦਾ ਨਿੱਘ ਮਾਨਣ।
ਜ਼ਿੰਦਗੀ ਦਾ ਪਹੀਆ ਜਿਉਂ ਜਿਉਂ ਅੱਗੇ ਚੱਲਦਾ ਹੈ, ਔਰਤ ਦਾ ਇੱਕ ਨਿੱਕਾ ਜਿਹਾ,ਸ਼ਹਿਦ ਵਰਗਾ ਮਿੱਠਾ ਰੂਪ ਸਾਡੀ ਝੋਲੀ ਵਿੱਚ ਡਿੱਗਦਾ ਹੈ,ਛੋਟੀ ਜਿਹੀ ਕਲੀ ਬਣ ਕੇ, 'ਬੇਟੀ' ਬਣ ਕੇ..ਬੇਟੀ, ਜਿਸ ਦੇ ਜਨਮ ਲੈਂਦਿਆਂ ਹੀ ਨਵੇਂ ਰਿਸ਼ਤਿਆਂ ਦਾ ਜਨਮ ਹੁੰਦਾ ਹੈ..ਬੇਟੀ, ਜਿਹੜੀ ਸਾਡੇ ਘਰ-ਆਂਗਣ ਨੂੰ ਖੁਸ਼ੀਆਂ ਖੇੜਿਆਂ ਨਾਲ ਭਰ ਦਿੰਦੀ ਹੈ,ਨਿੱਕੇ-ਨਿੱਕੇ ਪੈਰਾਂ ਵਿੱਚ ਝਾਂਜਰਾਂ ਪਾ ਕੇ ਠੁਮਕਦੀ ਫਿਰਦੀ ਸਾਰੇ ਟੱਬਰ ਦੀ ਰੌਣਕ ਬਣ ਜਾਂਦੀ ਹੈ;ਉਹਦੇ ਗੁੱਡੀਆਂ ਪਟੋਲੇ ਘਰ ਦੇ ਜੀਆਂ ਵਾਂਗ ਹੋ ਜਾਂਦੇ ਨੇ,ਉਹਦੀਆਂ ਕਿੱਕਲੀਆਂ,ਉਹਦੇ ਸ਼ਟਾਪੂ ਫਿਜ਼ਾ ਨੂੰ ਜਿਉਣ-ਜੋਗਾ ਕਰ ਦਿੰਦੇ ਨੇ।ਨੌਕਰੀ ਜਾਂ ਮਜ਼ਦੂਰੀ ਤੋਂ ਵਾਪਿਸ ਆਏ ਬਾਪ ਦੇ ਗਲ ਵਿੱਚ ਮਲੂਕ ਜਿਹੀਆਂ ਬਾਹਵਾਂ ਪਾ ਕੇ ਝੂਲਦੀ ਹੋਈ ਉਹਦਾ ਸਾਰਾ ਥਕੇਵਾਂ ਲਾਹ ਦਿੰਦੀ ਹੈ।ਜਿਉਂ ਜਿਉਂ ਮੁਟਿਆਰ ਹੁੰਦੀ ਹੈ ਸਕੂਲ ਕਾਲਜ ਵਿੱਚ ਮੱਲਾਂ ਮਾਰ ਕੇ ਬਾਪ ਦੀ ਪੱਗ ਦਾ ਸ਼ਮਲਾ ਸੱਥ ਵਿੱਚ ਉੱਚਾ ਕਰ ਦਿੰਦੀ ਹੈ। ਛੋਟੇ-ਛੋਟੇ ਚਕਲੇ-ਵੇਲਣਿਆਂ ਨਾਲ ਖੇਡਦੀ ਫਿਰਦੀ ਇਕ ਦਿਨ ਮਾਂ ਨਾਲ ਰੋਟੀ-ਟੁੱਕ ਦਾ ਸਾਰਾ ਆਹਰ ਕਰਾਉਣ ਬੈਠ ਜਾਂਦੀ ਹੈ,ਬਾਪ ਦੇ ਕੰਮਾਂ-ਕਾਰਾਂ ਦਾ ਸਹਾਰਾ ਬਣਦੀ ਹੈ,ਹਰ ਕਿਸੇ ਦਾ ਹੁਕਮ ਸਿਰ-ਮੱਥੇ ਮੰਨਦੀ,ਭੈਣ-ਭਰਾਵਾਂ ਨੂੰ ਲਾਡ-ਦੁਲਾਰ ਦਿੰਦੀ ਪਰਿਵਾਰ ਦੇ ਮੋਹ-ਭਿੱਜੇ ਅਰਥ ਸਿਰਜਦੀ ਹੈ , ਚੜ੍ਹਦੇ-ਲਹਿੰਦੇ ਸੂਰਜ ਹਰ ਕਿਸੇ ਦੀ ਸਲਾਮਤੀ ਲਈ ਦੁਆ ਬਣਦੀ ਹੈ ਤੇ ਇਕ ਦਿਨ ਬਾਬਲ ਦਾ ਹੁਕਮ ਮੰਨ ਕੇ ਬੇਗਾਨੇ ਦੇਸ ਤੁਰ ਜਾਂਦੀ ਹੈ,
'ਬਾਬਲ!ਵਿਦਿਆ ਕਰੇਂਦਿਆ!ਮੈਨੂੰ ਰੱਖ ਲੈ ਅੱਜ ਦੀ ਰਾਤ ਵੇ!
ਕਿੱਕਣ ਰੱਖਾਂ ਧੀਏ ਮੇਰੀਏ?ਮੈਂ ਤਾਂ ਸੱਜਣ ਸਦਾ ਲਏ ਆਪ ਨੀ'
ਸਹੁਰੇ ਜਾ ਕੇ ਵੀ ਬਾਬਲ ਦੇ ਦੇਸ ਵੱਲੋਂ ਆਉਂਦੀ ਠੰਢੀ 'ਵਾ ਨੂੰ ਉਡੀਕਦੀ ਹੈ,ਉਧਰੋਂ ਨਿੱਕਾ ਜਿਹਾ ਬੁਲਾਵਾ ਆਉਣ'ਤੇ ਪੈਰ ਜੁੱਤੀ ਨਹੀਂ ਪਾਉਂਦੀ,ਉਹਨਾਂ ਦੇ ਜ਼ਖਮਾਂ'ਤੇ ਹੰਝੂਆਂ ਦੇ ਫੈਹੇ ਧਰਦੀ ਹੈ ਤੇ ਜੇ ਜ਼ਰੂਰਤ ਹੋਵੇ ਤਾਂ ਮਾਂ-ਬਾਪ ਨੂੰ ਆਪਣੇ ਘਰ ਲਿਆ ਕੇ ਸੇਵਾ-ਸੰਭਾਲ ਕਰਦੀ ਹੈ,ਉਹਨਾਂ ਦੇ ਬੁਢਾਪੇ ਦੀ ਡੰਗੋਰੀ ਬਣਦੀ ਹੈ।
ਪਰ ਇਹੋ ਜਿਹੀ ਧੀ ਦਾ ਕਿਹੋ ਜਿਹਾ ਸਵਾਗਤ ਕੀਤਾ ਜਾਂਦੈ ਬਹੁਤੇ ਘਰਾਂ ਵਿੱਚ?ਅੱਵਲ ਤਾਂ ਉਹਨੂੰ ਜਨਮ ਹੀ ਨਹੀਂ ਲੈਣ ਦਿੱਤਾ ਜਾਂਦਾ,ਕੁੱਖ ਵਿੱਚ ਹੀ ਲਿੰਗ-ਟੈਸਟ ਰਾਹੀਂ ਪਤਾ ਲਗਾ ਕੇ ਖਤਮ ਕਰ ਦਿੱਤਾ ਜਾਂਦੈ।ਵਕਤ ਵਕਤ'ਤੇ ਹੁੰਦੇ ਸਰਵੇਖਣ ਇਸ ਅੱਤਿਆਚਾਰ ਬਾਰੇ ਦੁਹਾਈਆਂ ਪਾਉਂਦੇ ਰਹਿੰਦੇ ਹਨ:
ਸੰਨ 2011 ਦੀ ਜਨਗਣਨਾ ਅਨੁਸਾਰ ਭਾਰਤ ਵਿੱਚ ਇੱਕ ਹਜ਼ਾਰ (1000) ਪੁਰਸ਼ਾਂ ਬਰਾਬਰ 940 ਔਰਤਾਂ ਅਤੇ 914 ਬੱਚੀਆ (0-6 ਸਾਲ)ਰਹਿ ਗਈਆਂ ਹਨ (ਹੁਣ ਤੱਕ ਸਭ ਤੋਂ ਘੱਟ),ਪੰਜਾਬ ਵਿੱਚ ਇੱਕ ਹਜ਼ਾਰ (1000) ਪੁਰਸ਼ਾਂ ਬਰਾਬਰ 893 ਔਰਤਾਂ ਤੇ846 (0-6ਸਾਲ) ਬੱਚੀਆ ਹਨ।ਯਾਨੀ ਕਿ ਬਾਕੀ ਮਾਰ ਦਿੱਤੀਆਂ ਗਈਆਂ ਨੇ।
ਮਈ 2012 ਵਿੱਚ ਆਮਿਰ ਖਾਨ ਦੇ ਸ਼ੋਅ 'ਸੱਤਿਆਮੇਵ ਜਯਤੇ' ਵੇਲੇ ਜੱਗ-ਜ਼ਾਹਿਰ ਹੋਇਆ ਸੀ ਕਿ ਆਜ਼ਾਦੀ ਤੋਂ ਬਾਅਦ ਤਿੰਨ ਕਰੋੜ ਕੁੜੀਆਂ ਜੰਮਣ ਤੋਂ ਪਹਿਲਾਂ ਕਤਲ ਕਰ ਦਿੱਤੀਆਂ ਗਈਆਂ ।
ਕੁਝ ਮਹੀਨੇ ਬਾਅਦ ਅਖਬਾਰਾਂ ਵਿੱਚ ਛਪਿਆ ਕਿ 37 ਮਿਲੀਅਨ ਤੋਂ ਵੀ ਜ਼ਿਆਦਾ ਔਰਤਾਂ ਹਿੰਦੁਸਤਾਨ ਦੀ ਆਬਾਦੀ ਵਿਚੋਂ ਅਲੋਪ ਕਰ ਦਿੱਤੀਆਂ ਗਈਆਂ ਨੇ।
ੳਦੋਂ ਹੀ ਯੂਨੀਸੈਫ ਨੇ ਸੰਸਾਰ ਨੂੰ ਦੱਸਿਆ ਕਿ ਭਾਰਤ ਵਿੱਚ ਹਰ ਰੋਜ਼ 7000 ਕੁੜੀਆਂ ਜੰਮਣ ਤੋਂ ਪਹਿਲਾਂ ਮਾਰੀਆਂ ਜਾ ਰਹੀਆਂ ਨੇ।
ਤੇ ਜੇ ਕਿਤੇ ਮਾਪੇ ਇਸ ਤਰ੍ਹਾਂ ਉਹਦਾ ਕਤਲ ਕਰਵਾਉਣ ਵਿੱਚ ਸਫਲ ਨਾ ਹੋ ਸਕਣ ਤਾਂ ਜਨਮ ਤੋਂ ਬਾਅਦ ਰੂੜੀਆਂ-ਟੋਭਿਆਂ,ਹਸਪਤਾਲਾਂ-ਸਟੇਸ਼ਨਾਂ,ਬੰਜਰਾਂ-ਉਜਾੜਾਂ ਆਦਿ ਵਿੱਚ ਸੁੱਟ ਦਿੰਦੇ ਨੇ..ਨਿੱਤ ਹੀ ਨਵ-ਜੰਮੀਆਂ ਬੱਚੀਆਂ ਦੇ ਇੰਜ ਥਾਂ-ਕੁਥਾਂ ਸੁੱਟੇ ਹੋਣ ਦੀਆਂ,ਕਾਂ-ਕੁੱਤਿਆਂ ਵੱਲੋਂ ਨੋਚ-ਨੋਚ ਖਾਣ ਦੀਆਂ ਦਿਲਵਿੰਨ੍ਹਵੀਂਆਂ ਖਬਰਾਂ ਪੜ੍ਹੀਦੀਆਂ ਨੇ..ਟੀ.ਵੀ 'ਤੇ ਦੇਖੀਦੀਆਂ ਨੇ।
ਜੇ ਮਾਪੇ ਏਨੇ ਕੁ ਦਿਆਲੂ ਹੋ ਜਾਣ ਕਿ ਉਹਨੂੰ ਆਪਣੇ ਟੱਬਰ ਦਾ ਜੀਅ ਮੰਨ ਲੈਣ, ਤਾਂ ਵੀ ਭਰਾਵਾਂ ਨਾਲੋਂ ਵਿਤਕਰਾ ਤਾਂ ਹੁੰਦਾ ਹੀ ਹੈ।ਹਰ ਚੀਜ਼ ,ਹਰ ਸਹੂਲਤ ਪਹਿਲਾਂ ਭਰਾ ਨੂੰ ਮਿਲੇਗੀ,ਉਹਦੀ ਰਹਿੰਦ-ਖੂੰਹਦ ਹੀ ਮਿਲੇਗੀ ਭੈਣ ਨੂੰ।ਬੇਟੇ ਨੂੰ ਵਧੀਆ ਸਕੂਲ-ਕਾਲਜ ਵਿੱਚ ਪੜ੍ਹਾਇਆ ਜਾਏਗਾ ਤੇ ਬੇਟੀ ਨੂੰ ਲੱਗਦੀ ਵਾਹ ਕੰਮ-ਚਲਾਊ ਵਿਦਿਆ ਦੇਣ ਦੀ ਹੀ ਕੋਸ਼ਿਸ਼ ਹੋਏਗੀ।ਮੁੰਡਾ ਛਿੱਕ ਵੀ ਮਾਰੇ ਤਾਂ ਵਧੀਆਂ ਤੋਂ ਵਧੀਆ ਡਾਕਟਰ ਤੱਕ ਪਹੁੰਚ ਕੀਤੀ ਜਾਏਗੀ..ਕੁੜੀ ਨਿਮੋਨੀਏ ਨਾਲ ਸਾਹ ਵਰੋਲਦੀ ਹੋਵੇ ਤਾਂ ਵੀ ਘਰੇਲੂ ਆਹਰ-ਪਾਹਰ ਹੀ ਕੀਤਾ ਜਾਏਗਾ।ਬੇਸ਼ੱਕ ਇਸ ਤਰ੍ਹਾਂ ਹਰ ਘਰ ਵਿੱਚ ਨਹੀਂ ਵਾਪਰਦਾ ਪਰ ਫਿਰ ਵੀ ਇਹ ਕੋਈ ਅੱਤ-ਕਥਨੀ ਨਹੀਂ..ਇਸ ਤਰ੍ਹਾਂ ਦੀਆਂ ਰਿਪੋਰਟਾਂ ਅਕਸਰ ਅਖਬਾਰਾਂ ਰਿਸਾਲਿਆਂ ਵਿੱਚ ਛਪਦੀਆਂ ਨੇ:
'ਰਾਜਿੰਦਰਾ ਹਸਪਤਾਲ ਪਟਿਆਲਾ ਦੇ ਛੇ ਮਹੀਨਿਆਂ ਦੇ ਸਰਵੇਖਣ ਅਨੁਸਾਰ ਟੀਕਾਕਰਨ ਲਈ ਹਜ਼ਾਰ ਮੁੰਡਿਆਂ ਪਿੱਛੇ ਸਿਰਫ 585 ਕੁੜੀਆਂ ਹੀ ਲਿਆਂਦੀਆਂ ਗਈਆਂ ਅਤੇ ਇਲਾਜ ਲਈ ਦਾਖਲ ਕੁੜੀਆਂ ਦੀ ਗਿਣਤੀ ਇਕ ਹਜ਼ਾਰ ਮੁੰਡਿਆਂ ਪਿਛੇ 309 ਤੋਂ 317 ਤੱਕ ਹੀ ਸੀਮਿਤ ਰਹੀ ਅਤੇ ਜਿਹੜੀਆਂ ਦਾਖਲ ਕਰਵਾਈਆਂ ਗਈਆਂ ਉਹਨਾਂ ਵਿਚੋਂ ਵੀ 40% ਨੂੰ ਮਾਪੇ ਅੱਧ-ਪਚੱਧੇ ਇਲਾਜ ਤੋਂ ਬਾਅਦ ਹੀ ਘਰ ਲੈ ਗਏ।'
ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੀ ਰਿਪੋਰਟ : 1/3 ਚੜ੍ਹਦੀ ਉਮਰ ਦੀਆਂ ਕੁੜੀਆਂ ਘੱਟ ਖੁਰਾਕ ਮਿਲਣ ਕਰਕੇ ਕੁਪੋਸ਼ਣ ਦਾ ਸ਼ਿਕਾਰ ਹਨ, 15-49 ਸਾਲ ਦੀਆਂ ਜਨਨ- ਅਵੱਸਥਾ ਵਾਲੀਆਂ ਕਰੀਬ 56.2% ਨਾਰੀਆਂ ਵਿੱਚ ਖੂਨ ਦੀ ਕਮੀ ਹੈ।ਨਾਰੀ ਸਾਖਰਤਾ ਦਰ ਸਿਰਫ 53.8% ਹੈ 2012-(ਐਨ.ਐਫ.ਐਨ.ਐਸ-3 ਸਰਵੇਖਣ)
ਧੀਆਂ ਨੂੰ ਬੂਹਿੳਂ ਉਠਾਲਣ ਲਈ ਕਾਹਲੇ ਪਏ ਮਾਪੇ ਤਾਂ ਨਿਆਣੀ ਉਮਰੇ ਹੀ ਉਹਦਾ ਵਿਆਹ ਰਚਾਉਣੋਂ ਵੀ ਬਾਜ਼ ਨਹੀਂ ਆਉਂਦੇ।ਬੇਸ਼ੱਕ ਇਹ ਗੈਰ-ਕਾਨੂੰਨੀ ਹੈ ,ਪਰ ਭਾਰਤ ਦੇ ਕਿੰਨੇ ਸੂਬੇ ਹਨ ਜਿੱਥੇ ਇਹ ਪੂਰੇ ਜ਼ੋਰ-ਸ਼ੋਰ ਨਾਲ ਹੋ ਰਿਹੈ,ਇਹਨਾਂ ਵਿਚੋਂ ਰਾਜਸਥਾਨ,ਉਤਰ ਪ੍ਰਦੇਸ਼,ਬਿਹਾਰ, ਹਰਿਆਣਾ, ਮਹਾਂਰਾਸ਼ਟਰ ਆਦਿ ਦੇ ਨਾਂ ਉੱਭਰ ਕੇ ਆਉਂਦੇ ਹਨ।ਇਸਦਾ ਖਮਿਆਜ਼ਾ ਉਸ ਬਾਲੜੀ ਨੂੰ ਹੀ ਭੁਗਤਣਾ ਪੈਂਦੈ,ਜਿਸਤੋਂ ਕੱਚੀ ਉਮਰੇ ਹੀ ਗੁਡੀਆਂ-ਪਟੋਲ੍ਹੇ ਖੋਹ ਕੇ ਉਸਦੇ ਨਿੱਕੇ ਜਿਹੇ ਸਿਰ ਉੱਤੇ ਜ਼ਿੰਮੇਵਾਰੀਆਂ ਦੇ ਟੋਕਰੇ ਰੱਖ ਦਿੱਤੇ ਜਾਂਦੇ ਨੇ, ਬਹੁਤੀ ਵਾਰੀ ਤਾਂ ਸਰੀਰ ਪੂਰਾ ਵਿਕਸਿਤ ਨਾ ਹੋਣ ਕਰਕੇ ਜਿਸਮਾਨੀ ਸਬੰਧਾਂ ਕਾਰਨ,ਜਾਂ ਗਰਭ ਧਾਰਨ ਕਰਕੇ ਉਹਦੀ ਮੌਤ ਹੋ ਜਾਂਦੀ ਹੈ,ਨਹੀਂ ਤਾਂ ਬੀਮਾਰੀ ਕਾਰਨ ਪੀਲੀ-ਵਸਾਰ ਹੋਈ ਜੁਆਕੜੀ ਲੱਤਾਂ-ਬਾਹਾਂ ਘੜੀਸਦੀ ਬੱਚੇ ਪਾਲਦੀ ਹੈ। ਜਿੱਥੇ ਕਿਤੇ ਮੁਕਲਾਵਾ ਮੁਟਿਆਰ ਹੋਣ'ਤੇ ਦੇਣਾ ਹੋਵੇ,ਉਥੇ ਵੀ ਵਿਚਾਰੀ ਦੀ ਵਿਪਤਾ..ਇਸ ਵਕਫੇ ਦੌਰਾਨ ਜੇ ਸੁਹਾਗ ਦਾ ਸਬੰਧ ਮਨੋਂ ਜਾਂ ਤਨੋਂ ਕਿਸੇ ਹੋਰ ਨਾਲ ਜੁੜ ਜਾਵੇ ਤਾਂ ਵੀ, ਜੇ ਉਹ ਰੱਬ ਨੂੰ ਪਿਆਰਾ ਹੋ ਜਾਵੇ ਤਾਂ ਵੀ, ਉਹ ਮਾਸੂਮ ਬਿਨਾਂ ਕਸੂਰੋਂ ਹੀ ਦੋਸ਼ਣ ਸਾਬਤ ਕਰ ਦਿੱਤੀ ਜਾਂਦੀ ਹੈ ਤੇ ਉਮਰ ਭਰ ਸਜ਼ਾ ਭੋਗਦੀ ਹੈ।
ਵਰਲਡ ਹੈਲਥ ਆਰਗੇਨਾਈਜ਼ੇਸ਼ਨ ਵਲੋਂ ਹਿੰਦੁਸਤਾਨ ਵਿੱਚ ਕਰਵਾਏ ਸਰਵੇਖਣ ਅਨੁਸਾਰ:
'45% ਸੁਆਣੀਆਂ ਨੇ ਮੰਨਿਆ ਹੈ ਕਿ ਉਹ 18 ਸਾਲ ਤੋਂ ਪਹਿਲਾਂ ਹੀ ਵਿਆਹ ਦਿੱਤੀਆਂ ਗਈਆਂ ਸਨ'
ਇਹ ਅੰਕੜੇ ਸਾਡੇ ਸਾਰਿਆਂ ਨਾਲ ਸਬੰਧ ਰੱਖਦੇ ਹਨ.. ਇਹ ਅੰਕੜੇ ਸਾਡੇ ਸਾਰਿਆਂ ਲਈ ਚਿਤਾਵਨੀ ਹਨ, ਇਹ ਉਸ ਮਾੜੇ ਭਵਿੱਖ ਦੀ ਕਨਸੋਅ ਹਨ, ਜੋ ਅਸੀਂ ਆਪਣੇ ਬਾਲਾਂ ਨੂੰ ਦੇ ਕੇ ਜਾਵਾਂਗੇ,ਆਉਣ ਵਾਲੀਆਂ ਨਸਲਾਂ ਨੂੰ ਦੇ ਕੇ ਜਾਵਾਂਗੇ।ਜੇ ਔਰਤ ਢਿੱਲੀ-ਮੱਠੀ ਹੋ ਗਈ ਤਾਂ ਸੱਭਿਅਤਾ ਬੀਮਾਰ ਹੋ ਜਾਏਗੀ,ਸੱਭਿਆਚਾਰ ਲੰਗੜਾ ਹੋ ਜਾਏਗਾ,ਜੇ ਔਰਤ ਮਨਫੀ ਹੋ ਗਈ ਤਾਂ ਕੁੱਖਾਂ ਮਨਫੀ ਹੋ ਜਾਣਗੀਆਂ,ਜ਼ਿੰਦਗੀ ਖਤਮ ਹੋ ਜਾਏਗੀ।ਇਹ ਅੰਕੜੇ ਜ਼ਾਲਮਾਂ-ਜਾਬਰਾਂ ਨੂੰ ਹੋਰ ਪਾਪ ਕਮਾਉਣ ਤੋਂ ਵਰਜਦੇ ਹਨ ਤੇ ਸਾਡੇ ਵਰਗੇ ਮੂਕ-ਦਰਸ਼ਕਾਂ ਨੂੰ ਮਨੁੱਖਤਾ ਦੇ ਭਲੇ ਲਈ ਅੱਗੇ ਆਉਣ ਦਾ ਹੋਕਾ ਦਿੰਦੇ ਹਨ,ਆਪਣੇ ਗੁਰੂਆਂ-ਪੀਰਾਂ ਦੀਆਂ ਪੈੜਾਂ'ਤੇ ਚੱਲਣ ਦਾ ਸੁਨੇਹਾ ਦਿੰਦੇ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਘਰ-ਪਰਿਵਾਰ,ਸਾਕ-ਸਕੀਰੀ,ਆਂਢ-ਗਵਾਂਢ ਵਿੱਚ ਇਹੋ ਜਿਹੇ ਮਾਪਿਆਂ ਦੀ ਨਿਸ਼ਾਨਦੇਹੀ ਕਰੀਏ,ਉਹਨਾਂ ਨੂੰ ਸਮਝਾਈਏ ਤੇ ਹਰ ਹੀਲੇ ਇਹੋ ਜਿਹੇ ਕੁਕਰਮ ਰੋਕੀਏ।ਧੀਆਂ ਨੂੰ ਪੁੱਤਾਂ ਦੇ ਬਰਾਬਰ ਦਾ ਪਾਲਣ-ਪੋਸਣ,ਉਹਨਾਂ ਦੇ ਬਰਾਬਰ ਦੀ ਪੜ੍ਹਾਈ-ਲਿਖਾਈ,ਉਹਨਾਂ ਵਾਂਗ-ਹੀ ਜੀਣ-ਵਿਗਸਣ ਦੇ ਮੌਕੇ ਬਖਸ਼ੀਏ..ਦੋਵੇਂ ਹੀ ਰੱਬ ਦੀਆਂ ਦਾਤਾਂ ਨੇ,ਕਿਸੇ ਨੂੰ ਇਕ ਦੂਜੇ ਤੋਂ ਘੱਟ ਨਾ ਸਮਝੀਏ ਨਾ ਰੱਖੀਏ,
' ਦੋਵੇਂ ਨੇ ਵਿਹੜੇ ਦੇ ਸੂਰਜ,ਚਾਨਣੀਆਂ ਦੇ ਬੀਅ
ਹਿੱਕੜੀ ਨਾਲ ਲਗਾ ਲੈ ਲੋਕਾ!ਕੀ ਪੁੱਤਰ ਕੀ ਧੀ'
ਤੇ ਫਿਰ ਹੈ ਔਰਤ ਦਾ ਉਹ ਰੂਪ,ਜੋ ਮਾਸੀ,ਚਾਚੀ,ਭਾਬੀ, ਭਤੀਜੀ,ਭਾਣਜੀ, ਦੋਹਤੀ,ਪੋਤੀ,ਤੇ ਹੋਰ ਅਨੇਕਾਂ ਹੀ ਰਿਸ਼ਤਿਆਂ ਦੀਆਂ ਡੋਰਾਂ ਵਿੱਚ ਬੱਝ ਕੇ ਸਾਡੀ ਜ਼ਿੰਦਗੀ ਉੱਤੇ ਆਪਣੇ ਪ੍ਰਭਾਵ ਪਾਉਂਦਾ ਰਹਿੰਦਾ ਹੈ।ਸਿਰਫ ਰਿਸ਼ਤਿਆਂ ਹੀ ਨਹੀਂ,ਰਿਸ਼ਤਿਆਂ ਤੋਂ ਬਿਨਾਂ ਵੀ.. ਕਦੀ ਜਮਾਤਣ ਬਣ ਕੇ,ਸਾਡੀ ਸਹਿਕਰਮੀ ਬਣ ਕੇ, ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਲਈ ਜਦੋਜਹਿਦ ਕਰਦੀਆਂ ਔਰਤਾਂ ,ਖੇਤਾਂ-ਖਲਿਆਣਾਂ ,ਘਰਾਂ-ਦੁਕਾਨਾਂ, ਜਾਂ ਹੋਰ ਥਾਵਾਂ'ਤੇ ਮਿਹਨਤ-ਮਜੂਰੀ ਕਰਕੇ ਆਪਣਾ ਤੇ ਆਪਣੇ ਟੱਬਰ ਦਾ ਪੇਟ-ਪਾਲਦੀਆਂ ਮਜ਼ਦੂਰਨਾਂ,ਗਲੀਆਂ-ਬਜ਼ਾਰਾਂ,ਸੜਕਾਂ ,ਦਫਤਰਾਂ,ਬੱਸਾਂ-ਗੱਡੀਆਂ ਵਿੱਚ ਜੀਵਨ-ਸੰਘਰਸ਼ ਕਰਦੀਆਂ ਨਾਰੀਆਂ,ਆਪਣੇ ਹੁਨਰ ਨਾਲ,ਆਪਣੇ ਕਿਰਦਾਰ ਨਾਲ,ਆਪਣੀ ਮਿਹਨਤ ਨਾਲ ਸਮਾਜ ਸੇਵਾ ਕਰ ਰਹੀਆਂ ,ਦੇਸ਼ ਦਾ ਨਾਂ ਉੱਚਾ ਕਰ ਰਹੀਆਂ ਵੀਰਾਂਗਣਾਂ ਤੇ ਹੋਰ ਬਹੁਤ ਸਾਰੀਆਂ ਹਰ ਰਾਹ'ਤੇ,ਹਰ ਮੋੜ'ਤੇ ।ਇਹ ਸਭ ਉਹ ਹੁੰਦੀਆਂ ਨੇ ਜਿਹੜੀਆਂ ਸਾਡੀਆਂ ਬੇਟੀਆਂ,ਭੈਣਾਂ, ਮਾਵਾਂ ਵਾਂਗ ਹੀ ਹੁੰਦੀਆਂ ਨੇ,ਜੀਵਨ-ਪੱਧਰ ਉੱਚਾ ਕਰਨ ਲਈ ਘਰਾਂ ਦੀ ਸੁਰੱਖਿਅਤ ਚਾਰਦੀਵਾਰੀ ਵਿੱਚੋਂ ਬਾਹਰ ਆਈਆਂ ਹੋਈਆਂ।ਸਾਰਾ ਪਰਿਵਾਰ ਉਹਨਾਂ ਦੇ ਦਹਿਲੀਜ਼ੋਂ ਪਾਰ ਹੁੰਦਿਆਂ ਹੀ ਉਹਨਾਂ ਦੀ ਸਲਾਮਤੀ ਬਾਰੇ ਫਿਕਰਮੰਦ ਹੋ ਜਾਂਦਾ ਹੈ,ਮਾਂ ਨੇ ਕਿੰਨੀਆਂ ਸਾਰੀਆਂ ਸਾਵਧਾਨੀਆਂ ਚੁੰਨੀ ਲੜ ਬੰਨ੍ਹ ਕੇ ਉਹਨੂੰ ਬਾਹਰ ਘੱਲਿਆ ਹੁੰਦਾ ਹੈ..ਬਾਪ ਨੇ ਕਿੰਨੀਆਂ ਸਾਰੀਆਂ ਹਿਦਾਇਤਾਂ ਦਿੱਤੀਆਂ ਹੁੰਦੀਆਂ ਨੇ, ਘਰ ਦਾ ਇਕ-ਇਕ ਕੋਨਾ ਉਹਨਾਂ ਦੇ ਸਹੀ-ਸਲਾਮਤ,ਹੱਸਦਿਆਂ-ਖਿੜਦਿਆਂ ਵਾਪਿਸ ਆਉਣ ਦੀ ਉਡੀਕ ਵਿੱਚ ਤਰਲੋ-ਮੱਛੀ ਹੁੰਦਾ ਹੈ।ਨਿੱਕੇ-ਨਿੱਕੇ ਮਾਸੂਮ ਬਾਲ ਉਹਨਾਂ ਲਈ ਚੋਗਾ ਚੁਗਣ ਗਈ ਘੁੱਗੀ ਦੀ ਇੰਤਜ਼ਾਰ ਵਿੱਚ ਸਹਿਕਦੇ ਹਨ,ਘੜੀ-ਮੁੜੀ ਬਾਰੀਆਂ ਖੋਲ੍ਹ-ਖੋਲ੍ਹ ਦੇਖਦੇ ਹਨ।
ਤੇ ਇਹਨਾਂ ਦਾ ਕੀ ਹਾਲ ਕਰਦੇ ਹਾਂ ਅਸੀਂ?..ਅਸੀਂ ਸਾਰੇ ਨਹੀਂ..ਪਰ ਫਿਰ ਵੀ ਕਈ ਤਾਂ ਕਰਦੇ ਹੀ ਹਨ। ਤੁਰੀ ਜਾਂਦੀ ਮੁਟਿਆਰ'ਤੇ ਆਵਾਜ਼ਾਂ ਕੱਸਣਾ,ਮੋਢਾ ਮਾਰ ਕੇ ਲੰਘਣਾ,ਦੁਪੱਟਾ ਖਿੱਚਣਾ ਜਾ ਹੋਰ ਕੋਝੀਆਂ ਹਰਕਤਾਂ ਕਰਨਾ ਤਾਂ ਆਮ ਗੱਲ ਹੈ।ਸਾਈਕਲ-ਸਕੂਟਰ'ਤੇ ਜਾਂਦੀ ਲੜਕੀ ਦਾ ਪਿੱਛਾ ਕਰਨਾ, ਸਾਥੀਆਂ ਨਾਲ ਮਿਲ ਕੇ ਉਹਨੂੰ ਘੇਰ ਕੇ ਪਰੇਸ਼ਾਨ ਕਰਨਾ, ਨਾਲ ਦੀ ਸੀਟ'ਤੇ ਬੈਠੀ ਔਰਤ ਦੇ ਕੂਹਣੀ ਮਾਰਨਾ,ਉਹਦੇ ਪੈਰ'ਤੇ ਪੈਰ ਰੱਖ ਦੇਣਾ,ਅੱਖਾਂ ਮੀਚ ਕੇ ਸੌਣ ਦਾ ਬਹਾਨਾ ਕਰਦਿਆਂ ਪੂਰੇ ਦਾ ਪੂਰਾ ਉਸ'ਤੇ ਡਿੱਗ ਪੈਣਾ ਤੇ ਇਸ ਤੋਂ ਵੀ ਹੋਰ ਕਿਤੇ ਗਿਰੀਆਂ ਹੋਈਆਂ ਅਸ਼ਲੀਲ ਹਰਕਤਾਂ ਕਰਨਾ..ਅਫਸਰ ਵੱਲੋਂ ਆਪਣੀ ਮੁਤਹਿਤ ਕਰਮਚਾਰਨ ਨਾਲ ਅਭੱਦਰ ਵਰਤਾਓ..ਇਹ ਤਾਂ ਅਕਸਰ ਹੀ ਵੇਖਣ-ਸੁਣਨ ਵਿੱਚ ਆਉਂਦਾ ਹੈ।ਪਰ ਕਈ ਤਾਂ ਪਤਾ ਨਹੀਂ ਕਿੱਥੋਂ ਇਹੋ ਜਿਹੀ ਸਿੱਖਿਆ ਲੈ ਕੇ ਆਉਂਦੇ ਨੇ ਕਿ ਇਨਸਾਨੀਅਤ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ।ਚਿਹਰੇ ਉੱਤੇ ਤੇਜ਼ਾਬ ਸੁੱਟ ਦੇਣਾ,ਅਗਵਾ ਕਰਨਾ,ਬਲਾਤਕਾਰ ਕਰਨਾ ਤੇ ਏਥੋਂ ਤੱਕ ਕਿ ਉਹਦੀ ਹੱਤਿਆ ਕਰ ਦੇਣਾ..ਉਫ..ਕੋਈ ਅੰਤ ਹੀ ਨਹੀਂ..ਕੋਈ ਹੱਦ ਹੀ ਨਹੀਂ.
ਉਹ ਦੇਸ ਜਿੱਥੇ ਸਤਿਗੁਰੂ ਨਾਨਕ ਦੇਵ ਜੀ ਨੇ ਉਚਾਰਿਆ ਸੀ,
'ਸੋ ਕਿਉਂ ਮੰਦਾ ਆਖੀਐਜਿੱਤੁ ਜੰਮੇ ਰਾਜਾਨ'
ਉੱਥੇ ਔਰਤ ਨੂੰ ਮੰਦਾ ਸਿਰਫ ਬੋਲਿਆ ਹੀ ਨਹੀਂ ਜਾਂਦਾ,ਮੰਦਾ ਕੀਤਾ ਜਾਂਦਾ ਹੈ,
ਇਹ ਮੈਂ ਨਹੀਂ ,ਨੈਸ਼ਨਲ ਕਰਾਈੲਮ ਰਿਕਾਰਡ ਬਿਊਰੋ ਦੀ 2012 ਦੀ ਰਿਪੋਰਟ ਬੋਲਦੀ ਹੈ:
ਦੇਸ਼ ਵਿੱਚ ਔਸਤਨ ਹਰ ਘੰਟੇ 18 ਔਰਤਾਂ ਉੱਤੇ ਅੱਤਿਆਚਾਰ ਕੀਤਾ ਜਾਂਦਾ ਹੈ
ਹਰ ਪੰਜਵੇਂ ਮਿੰਟ ਇਕ ਔਰਤ ਜਾਂ ਬੱਚੀ ਦਾ ਜਿਸਮਾਨੀ-ਸ਼ੋਸ਼ਣ ਹੁੰਦਾ ਹੈ
ਹਰ ਛੱਬੀਵੇਂ ਮਿੰਟ ਇਕ ਔਰਤ ਛੇੜ-ਛਾੜ ਦੀ ਸ਼ਿਕਾਰ ਹੁੰਦੀ ਹੈ
ਹਰ ਚੌਂਤੀਵੇਂ ਮਿੰਟ ਇਕ ਔਰਤ ਨਾਲ ਬਲਾਤਕਾਰ ਹੁੰਦਾ ਹੈ
ਹਰ ਬਿਆਲੀਵੇਂ ਮਿੰਟ ਇਕ ਔਰਤ ਯੌਨ-ਉਤੀੜਪਣ ਝੇਲਦੀ ਹੈ
ਹਰ ਤਰਾਨਵੇਂ ਮਿੰਟ ਇਕ ਔਰਤ ਦੀ ਹੱਤਿਆ ਹੁੰਦੀ ਹੈ
'ਟਾਈਮਜ਼ ਆਫ ਇੰਡੀਆ' ਦੱਸਦਾ ਹੈ:
' ਹਰ ਇਕ ਘੰਟਾ ਗੁਜ਼ਰਨ ਦੇ ਨਾਲ ਹਿੰਦੁਸਤਾਨ ਵਿੱਚ ਦੋ ਔਰਤਾਂ ਅਗਵਾ,ਦੋ ਬਲਾਤਕਾਰ,
ਚਾਰ ਛੇੜ-ਛਾੜ ਤੇ ਸੱਤ ਪਤੀਆਂ ਤੇ ਉਹਦੇ ਰਿਸ਼ਤੇਦਾਰਾਂ ਵਲੋਂ ਹਿੰਸਾ ਦਾ ਸ਼ਿਕਾਰ ਹੋ ਚੁੱਕੀਆਂ ਹੁੰਦੀਆਂ ਹਨ '
ਜਵਾਨ-ਜਹਾਨ ਕੁੜੀਆਂ ਹੀ ਨਹੀਂ, ਹੁਣ ਤਾਂ ਦਾਦੀਆਂ-ਨਾਨੀਆਂ ਦੀ ਉਮਰ ਵਾਲੀਆਂ ਦਾ ਵੀ ਬਲਾਤਕਾਰ ਤੋਂ ਬਾਅਦ ਖੂਨ ਹੋ ਰਿਹੈ।
' ਸਾਡੇ ਖੰਭ ਨੋਚੇ,ਮੱਥੇ ਪਾੜੇ,ਸਾਨੂੰ ਨਿੱਤ ਨਵੀਂ ਅੱਗ ਸਾੜੇ
ਸਾਡੀ ਜੂਨ ਸਰਾਪੀ ਹੋਈ, ਕੰਡਿਆਂ ਨੂੰ ਚੁਗ ਵੇ ਰਹੀਆਂ
ਅਸੀਂ ਲੀਰੋ-ਲੀਰ ਹੋਈਆਂ ਗੁੱਡੀਆਂ,ਨ੍ਹੇਰੀਆਂ 'ਚ ਉੱਡ ਵੇ ਰਹੀਆਂ
ਇੱਕ ਵਾਰ,ਸਿਰਫ ਇਕ ਵਾਰ ,ਅਜੇਹੀ ਹਰਕਤ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਉਸ ਕੁੜੀ ਦੀ ਥਾਂ 'ਤੇ ਰੱਖ ਕੇ ਵੇਖੋ,ਇਕ ਵਾਰ,ਸਿਰਫ ਇੱਕ ਵਾਰ ਸੋਚੋ ਕਿ ਜੇ ਇਸ ਵੇਲੇ ਕਿਤੇ ਹੋਰ ਤੁਹਾਡੀ ਭੈਣ,ਧੀ,ਪਤਨੀ ਜਾਂ ਮਾਂ ਨਾਲ ਇਹੋ ਜਿਹਾ ਕੁਝ ਹੋ ਰਿਹਾ ਹੋਵੇ ਤਾਂ?... ਤਾਂ?... ਤਾਂ?... ਤਾਂ?... ਇਹ 'ਤਾਂ' ਹੀ ਦੱਸ ਦੇਵੇਗੀ ਕਿ ਤੁਹਾਨੂੰ ਕਿਹੋ ਜਿਹਾ ਵਰਤਾਓ ਕਰਨਾ ਚਾਹੀਦਾ ਹੈ..?ਖੁਦ ਇਹੋ ਜਿਹੀ ਘਿਨਾਉਣੀ ਹਰਕਤ ਕਰਨੀ ਚਾਹੀਦੀ ਹੈ? ਜਾਂ ਕੋਈ ਹੋਰ ਜੋ ਇੰਜ ਕਰ ਰਿਹਾ ਹੋਵੇ,ਉਹਦਾ ਮੂੰਹ ਭੰਨਣਾ ਚਾਹੀਦਾ ਹੈ?..ਜ਼ਮੀਰ ਕਿਤੇ ਨਹੀਂ ਗਈ ਹੁੰਦੀ..ਸਾਡੇ ਨਾਲ ਹੀ ਹੁੰਦੀ ਹੈ..ਸਾਨੂੰ ਵਾਰ-ਵਾਰ ਗਲਤ ਹਰਕਤ ਤੋਂ ਵਰਜਦੀ ਹੈ..ਬੱਸ ਅਸੀਂ ਹੀ ਉਹਦੀ ਆਵਾਜ'ਤੇ ਮਿੱਟੀ ਪਾ ਦਿੰਦੇ ਹਾਂ..ਜ਼ਮੀਰ ਜੋ ਰੱਬ ਹੁੰਦੀ ਹੈ,ਜ਼ਮੀਰ ਜੋ ਅੰਦਰਲਾ ਤੀਰਥ ਹੈ,ਜ਼ਮੀਰ ਜੋ ਸੱਚ ਦੀ ਲਾਟ ਹੈ,ਜਿਸ ਨੂੰ ਅਣਸੁਣੀ ਕਰ ਕੇ ਅਸੀਂ ਰਾਖਸ਼ ਹੋ ਜਾਂਦੇ ਹਾਂ,ਦਰਿੰਦੇ ਹੋ ਜਾਂਦੇ ਹਾਂ। ਕੀ ਅਸੀਂ ਬਣਨਾ ਚਾਹੁੰਦੇ ਹਾਂ ਰਾਖਸ਼ ਦਰਿੰਦੇ? ਕੀ ਇਸੇ ਲਈ ਸਾਡੀ ਮਾਂ ਨੇ ਜਨਮ ਦਿੱਤਾ ਹੁੰਦਾ ਹੈ ਸਾਨੂੰ?ਕੀ ਇਹੋ ਉਮੀਦਾਂ ਹੁੰਦੀਆਂ ਨੇ ਸਾਡੇ ਖਾਨਦਾਨ ਦੀਆਂ ਸਾਡੇ ਤੋਂ ?ਕੀ ਇਸ ਤਰ੍ਹਾਂ ਅਸੀਂ ਆਪਣੇ ਵਡੇ ਵੱਡੇ-ਵਡੇਰਿਆਂ ਦਾ ਨਾਂ ਰੌਸ਼ਨ ਕਰ ਰਹੇ ਹੁੰਦੇ ਹਾਂ ਜਾਂ ਉਹਨਾਂ ਦੇ ਇੱਜ਼ਤਦਾਰ ਸਿਰਾਂ ਵਿੱਚ ਸੁਆਹ ਪਾ ਰਹੇ ਹੁੰਦੇ ਹਾਂ ?ਕੀ ਇਹੋ ਜਿਹਾ ਕਿਰਦਾਰ ਲੈ ਕੇ ਹੀ ਅਸੀਂ ਰੱਬ ਦੀ ਕਚਿਹਰੀ ਵਿੱਚ ਜਾਣਾ ਚਾਹੁੰਦੇ ਹਾਂ? ਰੱਬ ਨੂੰ ਜੇ ਨਾ ਮੰਨੀਏ ਤਾਂ ਵੀ,ਏਨਾ ਤਾਂ ਜਾਣਦੇ ਹੀ ਹਾਂ ਕਿ ਹਰ ਕਿਰਿਆ ਦੀ ਬਿਲਕੁਲ ਉਹੋ ਜਿਹੀ ਪ੍ਰਤੀਕਿਰਿਆ ਹੁੰਦੀ ਹੈ..ਜਿੰਨੇ ਜ਼ੋਰ ਨਾਲ ਗੇਂਦ ਕੰਧ ਵੱਲ ਮਾਰਦੇ ਹਾਂ..ੳਨੇ ਹੀ ਜ਼ੋਰ ਨਾਲ ਸਾਡੇ ਵੱਲ ਪਰਤਦੀ ਹੈ..ਜਿਹੋ ਜਿਹਾ ਚੰਗਾ ਵਤੀਰਾ ਕੋਈ ਕਿਸੇ ਨਾਲ ਕਰੇਗਾ ਉਹੋ ਜਿਹਾ ਚੰਗਾ ਹੀ ਉਸ ਵੱਲ ਪਰਤੇਗਾ.. ਜਿਹੋ ਜਿਹਾ ਮਾੜਾ ਵਤੀਰਾ ਕੋਈ ਕਿਸੇ ਨਾਲ ਕਰੇਗਾ ਉਹੋ ਜਿਹਾ ਮਾੜਾ ਹੀ ਉਸ ਵੱਲ ਪਰਤੇਗਾ।ਗੁਰਬਾਣੀ ਵਿੱਚ ਤਾਂ ਏਥੋਂ ਤੱਕ ਲਿਖਿਆ ਹੈ ਕਿ ਤੁਹਾਡਾ ਕਰਮ ਕਈ ਗੁਣਾ ਹੋ ਕੇ ਤੁਹਾਡੇ ਵੱਲ ਪਰਤੇਗਾ ..ਤੁਹਾਡੀ ਤਕਦੀਰ ਵਿੱਚ ਲਿਖਿਆ ਜਾਏਗਾ,
' ਕਰਿ ਕਰਿ ਕਰਣਾ,ਲਿਖਿ ਲੈ ਜਾਹੁ
ਆਪੇ ਬੀਜਿ ਆਪੇ ਹੀ ਖਾਹੁ'
ਇਹੋ ਫੁੱਲਾਂ ਦੀ ਖੇਤੀ ਹੈ..ਇਹੋ ਕੰਡਿਆਂ ਦੀ ਖੇਤੀ ਹੈ..ਇਹੋ ਮਹਿਕਾਂ ਦੇ ਦੇਸ ਵੱਲ ਦਾ ਸਫਰ ਹੈ।ਇਹ ਸਫਰ ਸਿਰਫ ਹਿੰਦਵਾਸੀਆਂ ਲਈ ਹੀ ਨਹੀਂ,ਸਮੁੱਚੇ ਸੰਸਾਰ ਲਈ ਪਲਕਾਂ ਵਿਛਾਈ ਬੈਠਾ ਹੈ।ਕਿਉਂਕਿ ਸਿਰਫ ਹਿੰਦੁਸਤਾਨ ਵਿੱਚ ਹੀ ਨਹੀਂ ਦੁਨੀਆਂ ਦੇ ਹਰ ਖਿੱਤੇ ਵਿੱਚ ਔਰਤ ਨੂੰ ਸਰੀਰਕ-ਮਾਨਸਿਕ ਤਸੀਹੇ ਦਿੱਤੇ ਜਾ ਰਹੇ ਹਨ,ਧੀਆਂ ਨੂੰ ਜੰਮਣ ਤੋਂ ਪਹਿਲਾਂ ਮਾਰਿਆ ਜਾ ਰਿਹਾ ਹੈ,ਪਰ ਏਸ਼ੀਅਨ ਲੋਕਾਂ ਵਿੱਚ ਇਸਨੇ ਤਸ਼ੱਦਦ ਦੇ ਸਾਰੇ ਪੱਤਣ ਪਾਰ ਕਰ ਲਏ ਹਨ।ਇਹ ਵੇਲਾ ਸਾਡੀ ਪਰਖ ਦੀ ਘੜੀ ਹੈ,ਗੋਤੇ ਖਾਂਦੀ ਮਾਨਵਤਾ ਨੂੰ ਤੂਫਾਨਾਂ ਵਿੱਚੋਂ ਕੱਢ ਲਿਆਉਣ ਦੀ ਘੜੀ,ਆਪਣੇ ਹੋਣ ਦਾ ਮੁੱਲ ਮੋੜਨ ਦੀ ਘੜੀ.. ਇਹ ਨਹੀਂ ਕਿ ਅਸੀਂ ਬਹੁ-ਪੱਖੀ ਵਤੀਰਾ ਅਪਨਾਉਣਾ ਹੈ,ਮਾਂ ਨਾਲ ਹੋਰ,ਭੈਣ ਨਾਲ ਹੋਰ,ਬੇਟੀ ਨਾਲ ਹੋਰ,ਪਤਨੀ ਨਾਲ ਹੋਰ,ਯਾਨੀ ਕਿ ਆਪਣੇ ਸੰਪਰਕ ਵਿੱਚ ਆਉਣ ਵਾਲੀ ਹਰ ਔਰਤ ਨਾਲ ਅਲੱਗ-ਅਲੱਗ ਤਰ੍ਹਾਂ ਪੇਸ਼ ਆਉਣਾ ਹੈ।ਗੱਲ ਤਾਂ ਸਿਰਫ ਚੰਗੇ ਹੋਣ ਦੀ ਹੈ,ਵਧੀਆ ਸੋਚ ਰੱਖਣ ਦੀ ਹੈ,ਉੱਤਮ ਇਨਸਾਨ ਬਣਨ ਦੀ ਹੈ,ਹੈ।ਗੱਲ ਤਾਂ ਸਿਰਫ ।ਗੱਲ ਤਾਂ ਸਿਰਫ ਰੂਹ ਦੇ ਸਾਫ-ਸ਼ਫਾਫ ਪਾਣੀਆਂ ਵਿੱਚ ਇਸ਼ਨਾਨ ਕਰਨ ਦੀ ਹੈ,ਫਿਰ ਅਸੀਂ ਔਰਤ ਨਾਲ ਹੀ ਨਹੀਂ,ਆਪਣੇ ਸੰਪਰਕ ਵਿੱਚ ਆਉਣ ਵਾਲੇ ਹਰ ਮਰਦ ਨਾਲ ਵੀ,ਬਾਪ,ਬੇਟੇ,ਭਰਾ,ਪੁੱਤਰ ਹਰ ਕਿਸੇ ਨਾਲ ਬਹੁਤ ਵਧੀਆ ਤਰ੍ਹਾਂ ਵਰਤਾਂਗੇ। ਇਨਸਾਨਾਂ ਨਾਲ ਹੀ ਨਹੀਂ,ਪਸ਼ੂ-ਪੰਛੀਆਂ,ਫੁੱਲ-ਬੂਟਿਆਂ,ਪਾਣੀ-ਧਰਤੀ ,ਬਲਕਿ ਸਾਰੀ ਕਾਇਨਾਤ ਨਾਲ ਸਾਡਾ ਵਰਤਾਓ ਪਿਆਰ-ਮੁਹੱਬਤ ਭਰਿਆ ਹੋ ਜਾਏਗਾ।... ਸ਼ਾਇਦ ਇਸੇ ਤਰ੍ਹਾਂ ਅਸੀਂ ਉਸ ਰੱਬ ਦਾ ਸ਼ੁਕਰਾਨਾ ਕਰ ਸਕਾਂਗੇ ਜਿਸ ਨੇ ਸਾਨੂੰ ਹੱਥ-ਪੈਰ,ਰੰਗ-ਰੂਪ, ਸਾਰਾ ਵਜੂਦ,ਸਾਰੀ ਦੁਨੀਆਂ, ਸਾਰੀ ਕੁਦਰਤ, ਹਵਾ,ਪਾਣੀ ਧੁੱਪ ਤੇ ਹੋਰ ਸਭ ਕੁਝ ਬਿਨਾਂ ਸਾਡੀ ਕੋਸ਼ਿਸ਼ ਤੋਂ ਦਿੱਤਾ ਤੇ ਉਸ ਦੇ ਇਵਜ਼ ਵਿੱਚ ਕੁਝ ਵੀ ਨਹੀਂ ਮੰਗਿਆ.. ਹਾਂ ਹਾਂ ਸ਼ਾਇਦ ਇੰਜ ਹੀ ਅਸੀਂ ਉਹ ਕਾਰਜ ਵੀ ਪੂਰਾ ਕਰ ਸਕਾਂਗੇ ਜਿਸ ਕਰਕੇ ਸਾਨੂੰ ਇਹ ਜਨਮ ਮਿਲਿਆ ਹੈ..ਤੇ ਇੰਜ,ਸਾਡੇ ਹੀ ਕਿਰਦਾਰ ਸਾਨੂੰ ਉਸ ਮਾਹੌਲ ਵੱਲ ਲੈ ਜਾਣਗੇ ਜਿੱਥੇ ਅਨੰਦ ਹੈ,ਖੇੜਾ ਹੈ,ਇੰਜ ਸਾਡੇ ਹੀ ਕਰਮ ਸਾਨੂੰ ਉਸ ਦੇਸ ਵੱਲ ਲੈ ਜਾਣਗੇ ਜਿੱਥੇ ਫੁੱਲ ਮੁਸਕਾਉਂਦੇ ਨੇ,ਜਿੱਥੇ ਮਹਿਕ ਖੁਸ਼ੀਆਂ ਬਿਖੇਰਦੀ ਹੈ।