Tuesday, 15 October 2013
Saturday, 17 August 2013
ਸ਼ਰਾਬੀ ਸਿਰਨਾਵਿਆਂ ਦੇ ਨਾਂ !
ਸਥਾਨ: ਡੁੱਬ ਰਿਹਾ ਘਰ
ਸਮਾ: ਰਾਗ ਦੇ ਰੁਦਨ ਬਣਨ ਵੇਲਾ
ਮੇਰੇ ਸਿਰਤਾਜ!
ਦਰਦ-ਭਿੱਜੀ ਯਾਦ!
ਹੈਰਾਨ ਹੋ ਗਏ ਨਾ ?ਕਹਿੰਦੇ ਹੋਵੋਂਗੇ,ਇਹਨੂੰ ਕੀ ਝੱਲ ਉੱਠ ਪਿਆ! ਰੋਜ਼ ਮੇਰੇ ਕੋਲ ਰਹਿੰਦੀ ਐ,ਤੇ ਇਹ ਕੀ ਲਿਖਣ ਬਹਿ ਗਈ?
ਹਾਂ ਹਾਂ ਸੱਚ ਕਿਹੈ ਤੁਸੀਂ! ਪਰ ਇੱਕ ਸੱਚ ਇਹ ਵੀ ਐ ਕਿ ਡੁੱਬਦੇ ਨੂੰ ਤੀਲ੍ਹੇ ਦਾ ਸਹਾਰਾ ਹੁੰਦੈ।ਕੀ ਪਤਾ ਮੇਰੇ ਇਹ ਅੱਖਰ ਤੀਲ੍ਹਾ ਬਣ ਜਾਣ! ਕੀ ਪਤਾ ਕਿਸ਼ਤੀ ਬਣ ਜਾਣ! ਕੀ ਪਤਾ ਕਿਨਾਰਾ ਹੀ ਬਣ ਜਾਣ ।
ਯਕੀਨ ਜਾਣਿਓ ! ਮੁਹੱਬਤ ਦੀ ਝਨਾਂ ਵਿੱਚ ਡੁੱਬਣਾ ਤਾਂ ਕਿਸੇ ਵੀ ਸੋਹਣੀ ਦਾ ਸੁਫਨਾ ਹੋ ਸਕਦੈ! ਪਰ ਜਿਹਦਾ ਮਹੀਂਵਾਲ ਸ਼ਰਾਬ ਦੀ ਨਦੀ ਵਿੱਚ ਗੋਤੇ ਖਾ ਰਿਹਾ ਹੋਵੇ,ਉਹ ਚੰਦਰੀ ਕੀ ਕਰੇ? ਨਾ ਨਾ ਪਲੀਜ਼! ਬਕਵਾਸ ਕਹਿ ਕੇ ਮੇਰਾ ਖਤ ਪਰ੍ਹਾਂ ਨਾ ਵਗਾਹ ਮਾਰਿਓ!ਦੇਖੋ! ਮੈਂ ਬੜੀ ਮੁੱਦਤ ਬਾਅਦ ਜੇਰਾ ਕੀਤੈ ਕਲਮ ਦੇ ਚੱਪੂ ਚੁੱਕਣ ਦਾ..ਬੜੀ ਕਸ਼ਮਕਸ਼ ਪਿੱਛੋਂ ਖੋਲ੍ਹ ਰਹੀ ਹਾਂ ਦਿਲ ਦੀ ਕਿਤਾਬ ਤੁਹਾਡੇ ਅੱਗੇ।ਇਹਦੀ ਇੱਕ ਇੱਕ ਸਤਰ ਵਿਚੋਂ ਗੁਜ਼ਰ ਜਾਣਾ ਪਲੀਜ਼।ਕਿਤੇ ਇਹ ਨਾ ਹੋਵੇ ਕਿ ਕੱਚੀ ਦੋਸਤੀ ਟੁੱਟ ਜਾਵੇ ਤੇ ਮੇਰੀਆਂ ਉਦਾਸ ਅੱਖਾਂ ਪੱਤਣ 'ਤੇ ਖੜ੍ਹੀਆਂ ਰੋਂਦੀਆਂ ਰਹਿਣ।ਹਾਂ.. ਹਾਂ.. ਉਹੀ ਅੱਖਾਂ ਜਿਹਨਾਂ ਦੀ ਇੱਕ ਝਲਕ ਦੇਖਣ ਲਈ ਤੁਸੀਂ ਸੱਤ ਸਮੁੰਦਰ ਤਰਨ ਲਈ ਬਿਹਬਲ ਰਹਿੰਦੇ ਸਓ।ਜਿਹਨਾਂ ਵਿਚਲੀ ਸ਼ਰਾਬ ਰੱਜ ਰੱਜ ਪੀਂਦੇ ਸਓ, ਪਰ ਪੀ ਪੀ ਕੇ ਰੱਜਦੇ ਨਹੀਂ ਸਓ। ਕਹਿੰਦੇ ਨੇ ਸ਼ਰਾਬ ਤਾਂ ਬੇਹੀ ਹੋ ਕੇ ਹੋਰ ਤੇਜ਼ ਹੋ ਜਾਂਦੀ ਐ..ਤੇ ਕੀ ਮੇਰੀਆਂ ਉਹੀ ਅੱਖਾਂ ਹੁਣ ਬੇ-ਮਾਅਨੀਆਂ ਹੋ ਗਈਆਂ ਨੇ ਤੁਹਾਡੇ ਲਈ? ਮੁਹੱਬਤ ਕੀ ਪੁਰਾਣੀ ਹੋ ਕੇ ਮੁੱਕ ਜਾਂਦੀ ਹੈ? ਤੇ ਜੇ ਮੁੱਕ ਜਾਵੇ ਤਾਂ ਕੀ ਉਹ ਮੁਹੱਬਤ ਹੁੰਦੀ ਹੈ? ਸੱਚੀਂ ਜਾਨੇ-ਮਨ ! ਕੀ ਇਹ ਬੋਤਲ ਏਡੀ ਹੀ ਲਾਜ਼ਿਮੀ ਹੁੰਦੀ ਹੈ ਕਿ ਕੋਈ ਉਹਦੇ ਲਈ ਆਪਣਾ ਘਰ-ਪਰਿਵਾਰ,ਆਪਣਾ ਸਵਰਗ ਦਾਅ 'ਤੇ ਲਾ ਦੇਵੇ ਤੇ ਉਹਨਾਂ ਰਾਹਾਂ 'ਤੇ ਪੱਬ ਧਰਨ ਲੱਗੇ ਜੋ ਵਕਤੋਂ ਪਹਿਲਾਂ ਹੀ ਸਵਰਗਵਾਸੀ ਕਰ ਦਿੰਦੀਆਂ ਨੇ? ਹਾਇ ਰੱਬਾ! ਇਹ ਕੀ ਕਹਿ ਗਈ ਮੈਂ? ਮੇਰੀ ਤੱਤੜੀ ਦੀ ਜੀਭ ਤਾਂ ਹਰ ਵੇਲੇ ਤੁਹਾਡੀਆਂ ਸੌ ਸੌ ਸੁੱਖਾਂ ਮੰਗਦੀ ਐ।ਪਰ ਉਫ..! ਅੱਗ ਦੇ ਭਾਂਬੜ 'ਤੇ ਚੁੰਨੀ ਦੇ ਕੇ ਉਹਨੂੰ ਲੁਕੋਇਆ ਵੀ ਤਾਂ ਨਹੀਂ ਜਾ ਸਕਦਾ ਨਾ!ਤੇ ਫਿਰ ਇਹ ਬੋਤਲ ਦੀ ਅੱਗ ਤਾਂ ਜਿਉਂਦੇ ਸਿਵੇ ਬਾਲਦੀ ਐ।ਇਹੋ ਜਿਹੀਆਂ ਗਲਤੀਆਂ ਕਰਵਾ ਲੈਂਦੀ ਐ ਅਗਲੇ ਤੋਂ ,ਕਿ ਹੋਸ਼ ਵਿੱਚ ਆ ਕੇ ਉਹ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਵੀ ਨਹੀਂ ਰਹਿੰਦਾ।ਕਿੰਜ ਠੂਠਾ ਫੜਾ ਦਿੰਦੀ ਐ ਇਹ ਫਰੇਬਣ ਬਾਦਸ਼ਾਹ ਹੱਥਾਂ ਵਿੱਚ! ਕੀ ਮੈਂ ਸਮਝਾਂ ਕਿ ਜਿਹੜਾ ਸਿਹਰਿਆਂ ਵਾਲਾ ਰਾਂਝਾ ਪਿਆਰ ਦਾ ਕਾਸਾ ਫੜ ਕੇ ਆਇਆ ਸੀ ਮੇਰੇ ਬਾਬਲ ਦੇ ਦਰ 'ਤੇ,ਉਹ ਹੁਣ ਸਾਡੇ ਹੱਥ ਠੂਠਾ ਫੜਾਏਗਾ? ਇੱਕ ਦਿਨ ਰੂਹ ਦੇ ਸ਼ੀਸ਼ੇ ਸਾਹਵੇਂ ਖਲੋ ਕੇ ਪੁੱਛਿਓ ਤਾਂ ਸਹੀ ਆਪਣੇ ਆਪ ਨੂੰ!
ਕਾਸ਼ ਤੁਸੀਂ ਦੇਖ ਸਕਦੇ ਆਪਣੇ ਗੁਲਾਬਾਂ ਦੇ ਵਲੂੰਧਰੇ ਹੋਏ ਚਿਹਰੇ, ਜਿਹੜੇ ਤੁਹਾਡੇ ਅੰਦਰ ਵੜਦਿਆਂ ਦੀ ਹਮ੍ਹਕ ਨਾਲ ਹੀ ਮੁਰਝਾ ਜਾਂਦੇ ਨੇ।ਕਾਸ਼ ਤੁਸੀਂ ਪੜ੍ਹੀਆਂ ਹੁੰਦੀਆਂ ਉਹਨਾਂ ਦੀਆਂ ਮੀਟੀਆਂ ਪਲਕਾਂ ਉੱਤੇ ਲਿਖੀਆਂ ਖੋਫਨਾਕ ਸੁਫਨਿਆਂ ਦੀਆਂ ਇਬਾਰਤਾਂ, ਜਦੋਂ ਉਹ ਤੁਹਾਡੇ ਲਲਕਾਰਿਆਂ ਤੋਂ ਸਹਿਮ ਕੇ ਗੋਡਿਆਂ ਵਿੱਚ ਮੂੰਹ ਲੁਕਾ ਕੇ ਪੈ ਜਾਂਦੇ ਨੇ।ਤੁਹਾਡੀ ਚਹੇਤੀ ਸਰਾਲ ਸਾਹ ਪੀ ਲੈਂਦੀ ਐ ਉਨ੍ਹਾਂ ਦੇ, ਤੁਹਾਡੇ ਉਹੀ ਚਿਰਾਗ ਜਿਨ੍ਹਾਂ ਨੂੰ ਸੋਫੀ ਹੁੰਦਿਆਂ ਤੁਸੀਂ ਦੁਨੀਆਂ ਦੀਆਂ ਚੋਟੀਆਂ 'ਤੇ ਜਗਮਗਾਉਂਦੇ ਦੇਖਣਾ ਚਾਹੁੰਦੇ ਓ! ਤੇ ਰਾਤ ਨੂੰ ਇਹੋ ਜਿਹਾ ਮਾਹੌਲ ਸਿਰਜ ਦਿੰਦੇ ਓ ਕਿ ਕਿਸੇ ਦਾ ਪੜ੍ਹਨ ਨੂੰ ਤਾਂ ਕੀ, ਜੀਣ ਨੂੰ ਵੀ ਜੀਅ ਨਾ ਕਰੇ। ਸੱਚੀਂ ਯਕੀਨ ਕਰਿਓ! ਤੁਸੀਂ ਤਾਂ ਆਪ ਸਿਆਣੇ ਓ!ਦੇਖੋ! ਅੱਜ ਉਹ ਸਹਿਮੇ ਹੋਏ ਨੇ,ਕੱਲ੍ਹ ਨੂੰ ਢੀਠ ਬਣ ਜਾਣਗੇ,ਪਰਸੋਂ ਜ਼ਿਦੀ ਹੋ ਜਾਣਗੇ ਤੇ ਚੌਥੇ ਤੁਹਾਡੇ ਵਾਂਗ ਸ਼ਰਾਬ ਵਿੱਚ ਨਹਾਉਣ ਲੱਗ ਜਾਣਗੇ। ਬਰਦਾਸ਼ਤ ਕਰ ਸਕੋਗੇ?
ਪਤਾ ਨਹੀਂ ਕਿੰਜ ਵਿਸਰ ਜਾਂਦੀਆਂ ਨੇ ਤੁਹਾਨੂੰ ਲੋਰੀਆਂ ਦੇਣ ਵਾਲੀ ਮਾਂ ਦੀਆਂ ਲਿਲ੍ਹਕੜੀਆਂ,
“ ..ਵੇ ਪੁੱਤ! ਛੱਡ ਦੇ ਵੇ !
..ਨਾ ਵੇ ! ਸੋਹਣਿਆ ਨਾ! ”
ਤੇ ਤੁਸੀਂ, “
ਨਹੀਂ ਬੇਬੇ! ਕੱਲ੍ਹ ਤੋਂ ਨਹੀਂ..”ਥਥਲਾਉਂਦੇ ਅਗਲੀ ਸ਼ਾਮ ਆਪਣੀਆਂ ਹੀ ਸੌਂਹਾਂ ਦੀ ਅਰਥੀ ਚੁੱਕੀ ਘਰ ਵੜਦੇ ਓ।
ਇਹ ਵੀ ਭਲਾ ਕੋਈ ਗੱਲ ਹੋਈ, “ ਅੱਜ ਮੂਡ ਬਹੁਤ ਖਰਾਬ ਸੀ ਤਾਂ ਘੁਟ ਕੁ ਪੀ ਲਈ..”
“ ਅੱਜ ਪਾਰਟੀ ਸੀ.. ਸੈਲੀਬਰੇਟ ਕਰਨੀ ਪਈ ” , “
ਅੱਜ ਦੋਸਤਾਂ ਨੇ ਮਜਬੂਰ ਕਰ ਦਿੱਤਾ ”
ਜੇ ਕੋਈ ਠੋਸ ਧਰਾਤਲ ਹੈ ਤੁਹਾਡੇ ਕੋਲ ਤਾਂ ਈਮਾਨ ਦੇ ਕਟਹਿਰੇ ਵਿੱਚ ਖੜੋ ਕੇ ਦੱਸਣਾ,ਇਹ ਕਿਸ ਨੂੰ ਧੋਖਾ ਦਿੰਦੇ ਓ ? ਆਪਣੀ ਜ਼ਮੀਰ ਨੂੰ ਨਾ ?ਨਹੀਂ ਤਾਂ ਕੀ ਔਰਤਾਂ ਨੂੰ ਖੁਸ਼ੀਆਂ ਗਮੀਆਂ ਨਹੀਂ ਹੁੰਦੀਆਂ? ਜੇ ਮੈਂ ਜਾਂ ਤੁਹਾਡੀਆਂ ਭੈਣਾਂ ਭਾਬੀਆਂ ਇੰਜ ਮੂਡ ਠੀਕ ਕਰਨ ਲੱਗਣ ਤਾਂ? ਮੈਂ ਬਹੁਤ ਲਾਊਡ ਹੋ ਗਈ ਹਾਂ ਨਾ? ਪਰ ਸੱਚ ਤਾਂ ਅੰਬਰਾਂ ਤੋਂ ਵੀ ਉਚੇਰਾ ਹੁੰਦੈ।ਜ਼ਰਾ ਦੱਸੋ ਨਾ ਜੋ ਗੱਲ ਔਰਤ ਲਈ ਗਲਤ ਹੈ, ਉਹ ਮਰਦ ਲਈ ਠੀਕ ਕਿਵੇਂ ਹੈ ?
ਸਿਰਫ ਇਸ ਲਈ ਕਿ ਇਹ ਕਦਰਾਂ ਕੀਮਤਾਂ ਮਰਦਾਂ ਨੇ ਬਣਾਈਆਂ ਨੇ? ਜੇ ਕਿਸੇ ਔਰਤ ਦੇ ਹੱਥ ਵਿੱਚ ਜਾਮ ਹੋਵੇ ਤਾਂ ਉਹਨੂੰ ਆਚਰਨਹੀਨ ਕਹਿੰਦੇ ਓ! ਤੇ
ਮਰਦ ਲਈ ਕੋਈ ਸੀਮਾ ਨਹੀਂ? ਉਹਦੇ ਆਚਰਣ ਲਈ ਕੋਈ ਸ਼ਰਤ ਨਹੀਂ? ਆਖਿਰ ਕਿਉਂ ? ਨਹੀਂ ਜਾਨ! ਗਲਤ ਹਰ ਕਿਸੇ ਲਈ ਗਲਤ ਹੁੰਦੈ, ਤੇ ਠੀਕ ਠੀਕ ਹੀ।ਜ਼ਹਿਰ ਤਾਂ ਜ਼ਹਿਰ ਹੀ ਹੈ, ਉਹ ਕਦੋਂ ਸੋਚਦੀ ਐ ਕਿ ਇਸਨੂੰ ਮਾਰਨੈਂ ਤੇ ਇਸਨੂੰ ਨਹੀਂ।ਤੁਸੀਂ ਏਡੇ ਪੜ੍ਹੇ ਲਿਖੇ ਓ!ਜਾਣਦੇ ਓ ਕਿ ਇਹ ਕਲਜੋਗਣ ਕਿੰਜ ਹਿੱਕ 'ਤੇ ਚੜ੍ਹ ਬੈਠਦੀ ਐ! ਜਿਗਰ ਨੂੰ ਚਰ ਜਾਂਦੀ ਐ, ਲਹੂ ਦੀ ਇੱਕ ਇੱਕ ਬੂੰਦ ਵਿੱਚ ਬਰਬਾਦੀਆਂ ਬੀਜ ਦਿੰਦੀ ਐ।ਫਿਰ ਜੇ ਤੁਸੀਂ ਹੀ ਇਸਦੇ ਜਾਦੂ ਤੋਂ ਮੁਕਤ ਨਹੀਂ ਹੋ ਸਕਦੇ ਤਾਂ ਕਿਸੇ ਅਨਪੜ੍ਹ ਗੰਵਾਰ ਨੂੰ ਕੋਈ ਕੀ ਕਹੇ ? ਤੇ ਅਨਪੜ੍ਹਾਂ ਦੀ ਕਿਹੜੀ ਸ਼੍ਰੇਣੀ ਵਿੱਚ ਆਉਂਦੇ ਨੇ ਉਹ ਪੜ੍ਹੇ ਲਿਖੇ ਲੋਕ, ਜਿਹੜੇ ਠੇਕੇ ਦੇ ਰਾਹ ਵਿੱਚ ਚੌਫਾਲ ਪਏ ਹੁੰਦੇ ਨੇ ਤੇ ਖੁੱਲ੍ਹੇ ਮੂੰਹ ਵਿੱਚ ਮੱਖੀਆਂ ਦਾ ਮੇਲਾ ਲੱਗਿਆ ਹੁੰਦੈ? ਕਿੰਜ ਹੱਸਦੇ ਨੇ ਕੋਲੋਂ ਦੀ ਲੰਘਣ ਵਾਲੇ ਤੇ ਫਿਰ ਕਿੰਜ ਨਫਰਤ ਨਾਲ ਮੂੰਹ ਭੁਆ ਲੈਂਦੇ ਨੇ! ਜ਼ਰਾ ਸੋਚੋ ਨਾ!ਕਿੰਜ ਸਹੋਗੇ ਆਪਣੀ ਉਹ ਤਸਵੀਰ, ਜਿਹੜੀ ਕਿਸੇ ਨੇ ਤੁਹਾਡੇ ਗੰਦੀ ਨਾਲੀ 'ਤੇ ਡਿੱਗਿਆਂ ਪਿਆਂ ਦੀ ਖਿੱਚ ਲਈ ?
ਕਿਹੜੀ ਬੁੱਕਲ ਵਿੱਚ ਲੁਕਾੳਗੇ ਆਪਣਾ ਰੁਤਬਾ ਜਿਹੜਾ ਭੀੜ ਦੇ ਠਹਾਕਿਆਂ ਦਾ ਨਿਸ਼ਾਨਾ ਬਣਿਆ? ਹੇ ਮੇਰੇ ਪਰਮਾਤਮਾ!ਬਖਸ਼ੀਂ! ਮੈਂ ਤਾਂ ਇੰਜ ਚਿਤਵ ਵੀ ਨਹੀਂ ਸਕਦੀ।ਪਰ ਕਬੂਤਰ ਵਾਂਗ ਅੱਖਾਂ ਮੀਚ ਕੇ ਬਿੱਲੀ ਤੋਂ ਬਚਿਆ ਵੀ ਨਹੀਂ ਜਾ ਸਕਦਾ ਨਾ! ਤੇ ਤੁਸੀਂ ਜਿਸ ਤੇਜ਼ੀ ਨਾਲ ਇਸ ਖੂੰ-ਖਾਰ ਦੇ ਪੰਜਿਆਂ ਵਿੱਚ ਫਸਦੇ ਜਾ ਰਹੇ ਓ, ਇੱਕ ਦਿਨ ਖੰਭ ਨੋਚ ਲਏਗੀ ਤੁਹਾਡੇ, ਲਹੂ-ਲੁਹਾਣ ਕਰ ਦਏਗੀ ਤੁਹਾਨੂੰ..ਮੈਨੂੰ ..ਆਪਾਂ ਸਾਰਿਆਂ ਨੂੰ..ਅਸੀਂ ਉੱਡਣਾ ਤਾਂ ਕੀ ਵਿਚਰਨਾ ਵੀ ਭੁੱਲ ਜਾਵਾਂਗੇ..ਤੇ ਇਹ ਸਭ ਹੋਏਗਾ,ਇੱਕ ਮਾੜੀ ਜਿਹੀ ਤ੍ਰਿਸ਼ਨਾ ਬਦਲੇ,ਆਤਮਾ ਦੀ ਭੋਰਾ ਕੁ ਜਿੰਨੀ ਕਮਜ਼ੋਰੀ ਬਦਲੇ। ਨਹੀਂ ਮੇਰੇ ਸਾਥੀ! ਆਤਮਾ ਤਾਂ ਕਮਜ਼ੋਰ ਹੁੰਦੀ ਹੀ ਨਹੀਂ।ਅਸੀਂ ਹੀ ਉਹਦੀ ਆਵਾਜ਼ ਸੁਣਨ ਤੋਂ ਇਨਕਾਰੀ ਹੋ ਜਾਂਦੇ ਹਾਂ। ਕੰਨਾਂ ਵਿੱਚ ਖੁਦਗਰਜ਼ ਉਂਗਲੀਆਂ ਦੇ ਲੈਂਦੇ ਹਾਂ। ਬੱਸ ਇੱਕ ਛੋਟਾ ਜਿਹਾ ਪੈਰ ਪਿਛਾਂਹ ਵੱਲ ਨਹੀਂ ਪੁੱਟਦੇ ਤੇ ਆਪਣੀ ਤਰੇਹ ਦੇ ਗੁਲਾਮ ਹੋ ਜਾਂਦੇ ਹਾਂ ਅਤੇ ਫਿਰ
ਗੁਲਾਮੀ ਤਾਂ ਹਰ ਕਿਸੇ ਦੀ ਮਾੜੀ!
ਤੁਹਾਡੇ ਦੋਸਤ, ਜਿਹੜੇ ਤੁਹਾਨੂੰ ਮਜਬੂਰ ਕਰਦੇ ਨੇ, ਉਨ੍ਹਾਂ ਦੇ ਟੱਬਰ ਵੀ ਤਾਂ ਸੂਲੀ 'ਤੇ ਟੰਗੇ ਹੋਣਗੇ।ਉਂਜ ਕੋਈ ਕਿਸੇ ਨੂੰ ਮਜਬੂਰ ਨਹੀਂ ਕਰਦਾ, ਕਰ ਸਕਦਾ ਹੀ ਨਹੀਂ ਕੋਈ, ਇਹ ਤਾਂ ਅਸੀਂ ਹੀ ਆਪਣੇ ਗੁਨਾਹਾਂ ਦੀ ਜ਼ਿੰਮੇਵਾਰੀ ਤੋਂ ਬਚਣ ਲਈ ਬਹਾਨਿਆਂ ਦੀ ਛਤਰੀ ਤਾਣ ਲੈਂਦੇ ਹਾਂ।ਕੀ ਸਹੀ ਅਰਥਾਂ ਵਿੱਚ ਉਹ ਦੋਸਤ ਨੇ ਤੁਹਾਡੇ ?
ਕੀ ਸੱਚਮੁਚ ਤੁਸੀਂ ਦੋਸਤ ਹੋ ਉਨ੍ਹਾਂ ਦੇ ?
ਵੇਖੋ! ਤੁਹਾਨੂੰ ਤਾਂ ਪਤਾ ਹੀ ਨਹੀਂ ਲੱਗਦਾ, ਦਿਨ ਵੇਲੇ ਹਾਸੇ ਦੇ ਮੋਤੀ ਬਿਖੇਰਦਾ ਤੁਹਾਡਾ ਰੂਪ ਕਿੰਨਾ ਭਿਆਨਕ ਹੋ ਜਾਂਦੈ ਇਸ ਟੂਣੇ-ਹਾਰੀ ਨੂੰ ਪੀ ਕੇ! ਤਿੱਖੇ ਸ਼ਬਦਾਂ ਦੇ ਤੇਜ਼ਾਬ ਵਿੱਚ ਖੁਦਕੁਸ਼ੀ ਕਰ ਲੈਂਦੀ ਹੈ ਤੁਹਾਡੀ ਮਾਖਿਉਂ ਬੋਲੀ,
“ਤੇਰੇ ਪਿਓ ਦੀ ਕਮਾਈ ਦੀ ਪੀਂਦਾ ਹਾਂ ਕਮਜ਼ਾਤੇ ?” ਵਰਗੇ ਬੋਲ ਗਲਾ ਘੁੱਟ ਦਿੰਦੇ ਨੇ ਤੁਹਾਡੀ ਮੁਹੱਬਤੀ ਸ਼ਖਸ਼ੀਅਤ ਦਾ।ਸੱਚੀਂ ਤੁਹਾਨੂੰ ਤਾਂ ਖਬਰ ਹੀ ਨਹੀਂ ਹੁੰਦੀ, ਤੁਹਾਨੂੰ ਆਪਣੇ-ਆਪ ਤੋਂ ਹੀ ਚੁਰਾ ਲੈਂਦਾ ਹੈ ਕੋਈ। ਇੱਕ ਬਦਰੂਹ ਪਰਵੇਸ਼ ਕਰ ਜਾਂਦੀ ਐ ਤੁਹਾਡੇ ਅੰਦਰ। ਖੇਡ ਖੇਡ ਵਿੱਚ ਹੀ ਹਾਰ ਜਾਂਦੇ ਓ ਆਪਣੀ ਆਤਮਾ ਦੀ ਦ੍ਰੋਪਦੀ। ਉਸ ਵੇਲੇ ਕੋਈ ਪੁਕਾਰ ਤੁਹਾਡੇ ਤੱਕ ਨਹੀਂ ਪਹੁੰਚਦੀ। ਕੋਈ ਕ੍ਰਿਸ਼ਨ ਨਹੀਂ ਬਹੁੜਦਾ।ਤੁਹਾਡੇ ਮਾਸੂਮਾਂ ਦੀਆਂ ਫਰਿਆਦਾਂ ਤੜਪਦੀਆਂ ਰਹਿੰਦੀਆਂ ਨੇ ਤੁਹਾਡੀ ਕੁਰੱਖਤ ਚੁੱਪ ਦੇ ਬੂਹੇ ਨਾਲ ਟਕਰਾ ਕੇ।ਨੀਲੇ ਕਾਲੇ ਚਟਾਕ ਪੈ ਜਾਂਦੇ ਨੇ ਉਹਨਾਂ ਦੇ ਗੋਰੇ ਬਚਪਨ 'ਤੇ ਅਤੇ ਗੱਲ ਨਿੱਕੀ ਜਿਹੀ, ਨਿੱਕੀ ਜਿਹੀ ਗੱਲ ਮੇਰੇ ਹਮਸਫਰ! ਬੋਤਲ ਵਿੱਚ ਸੱਤ ਬਹਿਸ਼ਤਾਂ ਲੱਭਦੇ ਲੱਭਦੇ ਤੁਸੀਂ ਵਾਰ ਬੈਠਦੇ ਓ ਆਪਣੀ ਜਿਉਂਦੀ ਜਾਗਦੀ ਬਹਿਸ਼ਤ! ਥੋੜ੍ਹੇ ਜਿਹੇ ਸਰੂਰ ਨੂੰ ਤਲਾਸ਼ਦੇ ਲਹੂ ਛਿੜਕ ਦਿੰਦੇ ਓ ਆਪਣੀਆਂ ਕੇਸਰ-ਕਿਆਰੀਆਂ ਵਿੱਚ।
ਮੈਨੂੰ ਵਿਸ਼ਵਾਸ਼ ਹੈ ਤੁਸੀਂ ਕਹਿ ਰਹੇ ਹੋਵੋਗੇ, “ਲੈ ਫਿਰ ਛੱਡ'ਤੀ ਅੱਜ ਤੋਂ..ਜਮ੍ਹਾ ਈ ਛੱਡ 'ਤੀ”
ਹਾਂ ਹਾਂ ..ਤੁਸੀਂ ਇੰਜ ਹੀ ਕਹਿ ਰਹੇ ਓ! ਮੈਂ ਵਾਕਿਫ ਹਾਂ ਤੁਹਾਡੀ ਰੂਹ ਦੀ ਪਾਕੀਜ਼ਗੀ ਤੋਂ..
'ਰੂਹ'… ਜਿਸ ਲਈ ਮੈਂ ਅੱਜ ਵੀ ਸੱਤ ਜਹਾਨ ਵਾਰ ਸਕਦੀ ਹਾਂ।ਮੈਂ ਪਛਾਣਦੀ ਹਾਂ ਤੁਹਾਡੇ ਅੰਤਰ-ਮਨ ਦੇ ਚਿਲਕਵੇਂ ਸ਼ੀਸ਼ੇ ਨੂੰ. .'ਸ਼ੀਸ਼ਾ'..ਜਿਸ ਵਿੱਚ ਮੈਂ ਅੱਜ ਵੀ ਆਪਣੇ ਸਾਰੇ ਜਨਮਾਂ ਦਾ ਅਕਸ ਦੇਖਣਾ ਚਾਹੁੰਦੀ ਹਾਂ।
ਤੁਸੀਂ ਏਵੇਂ ਹੀ ਕਰਨਾ ਮੇਰੇ ਸਿਕੰਦਰ! ਏਵੇਂ ਹੀ..ਬੱਸ ਹੁਣ ਜਦੋਂ ਉਹ ਜਾਦੂਗਰਨੀ ਕੱਚ ਦੇ ਬਸਤਰ ਪਹਿਨ ਕੇ ਤੁਹਾਡੇ ਸਾਹਵੇਂ ਆਈ, ਮੁਖ ਭੁਆ ਲੈਣਾ ਆਪਣਾ।ਬੱਸ ਇੱਕ ਫੈਸਲਾ..ਸਿਰਫ ਇੱਕ ਔਖੀ ਘੜੀ ..ਇਹਦੇ 'ਤੇ ਕਾਬੂ ਪਾ ਲੈਣਾ..ਆਪਣੇ-ਆਪ ਨੂੰ ਬੁਜ਼ਦਿਲ ਸਾਬਤ ਨਾ ਹੋਣ ਦੇਣਾ..ਸਵਾਰ ਹੋ ਜਾਣਾ ਇਸ ਛਿਣ 'ਤੇ..ਫਿਰ ਵੇਖਣਾ ਤੁਸੀਂ ਵਕਤ ਦੇ ਸ਼ਾਹਸਵਾਰ ਹੋ ਜਾਉਗੇ..ਤੇ ਆਪਣੇ ਇਸ ਸ਼ਾਹਸਵਾਰ ਲਈ ਜ਼ਿੰਦਗੀ ਬਰੂਹਾਂ 'ਤੇ ਖੜੋ ਕੇ ਇੰਤਜ਼ਾਰ ਕਰੇਗੀ।
ਮੈਨੂੰ ਪਤੈ! ਤੁਸੀਂ ਕਰ ਸਕਦੇ ਓ ਇਹ ਚਮਤਕਾਰ! ਜਿੱਤ ਸਕਦੇ ਹੋ ਉਸ 'ਪਲ' ਨੂੰ,ਜਦੋਂ ਤੁਹਾਡੇ ਉਜਲੇ ਲਿਬਾਸ 'ਤੇ ਕੋਈ ਦਾਗ ਨਹੀਂ ਹੋਵੇਗਾ! ਜਦੋਂ ਤੁਹਾਡੇ ਬਾਲ ਆਪਣੇ ਹਾਣੀਆਂ ਵਿੱਚ ਸਿਰ ਉੱਚਾ ਕਰਕੇ ਖੇਡਣਗੇ ਤੇ ਦੁਨੀਆਂ ਦੀਆਂ ਚੋਟੀਆਂ 'ਤੇ ਜਗਮਗਾਉਣ ਦੇ ਤੁਹਾਡੇ ਸੁਫਨੇ ਵਿੱਚ ਰੰਗ ਭਰਨ ਲੱਗਣਗੇ।ਜਦੋਂ ਤੁਹਾਡਾ ਘਰ ਸ਼ਰਾਬ ਦੀ ਹਮ੍ਹਕ ਨਾਲ ਨਹੀਂ, ਹਾਸਿਆਂ ਦੀ ਮਹਿਕ ਨਾਲ ਲੱਦਿਆ ਰਹੇਗਾ।ਤੁਹਾਡਾ ਇੱਕ ਮਜ਼ਬੂਤ ਕਦਮ ਜੰਨਤ ਖਰੀਦ ਲਿਆਏਗਾ ਤੁਹਾਡੇ ਆਪਣਿਆਂ ਲਈ। ਅਸੀਂ ਸਾਰੇ..ਤੁਹਾਡੇ ਆਪਣੇ..ਇਸ ਮਜ਼ਬੂਤ ਕਦਮ ਦੀ ਉਡੀਕ ਵਿੱਚ ਪਲਕਾਂ ਵਿਛਾਈ ਬੈਠੇ ਹਾਂ।
ਸਾਨੂੰ ਉਹ 'ਕਦਮ' ਬਖਸ਼ ਦੇਣਾ ਪਲੀਜ਼..
ਸਾਡੀ ਗੁਜ਼ਾਰਿਸ਼ ਮੰਨ ਲੈਣਾ..ਉਸ 'ਪਲ' ਨੂੰ ਜਿੱਤ ਲੈਣਾ ਪਲੀਜ਼..
ਤੁਹਾਡੀ ਸੱਚਮੁੱਚ ਦੀ ਵਾਪਸੀ ਦੀ ਉਡੀਕ ਵਿੱਚ,
ਮੈ ਹਾਂ ਉਹੀ
ਜਿਹੜੀ ਅਜੇ ਵੀ
ਸੰਗਦੀ ਤੁਹਾਡਾ ਨਾਂ ਨਹੀਂ ਲੈਂਦੀ
Subscribe to:
Comments (Atom)
